ਸ਼ਾਹਕੋਟ ਤੇ ਲੋਹੀਆਂ ’ਚ ਦੋ ਸਰਪੰਚਾਂ ਤੇ 34 ਪੰਚਾਂ ਦੀ ਚੋਣ ਭਲਕੇ
ਬਲਾਕ ਸ਼ਾਹਕੋਟ ਅਤੇ ਲੋਹੀਆਂ ਖਾਸ ਦੇ 2 ਸਰਪੰਚਾਂ ਅਤੇ 36 ਪੰਚਾਂ ਦੀਆਂ ਖਾਲੀ ਸੀਟਾਂ ਨੂੰ ਭਰਨ ਲਈ 27 ਜੁਲਾਈ ਨੂੰ ਕਰਵਾਈਆਂ ਜਾ ਰਹੀਆਂ ਪੰਚਾਇਤੀ ਚੋਣਾਂ ਦੇ ਸਾਰੇ ਪ੍ਰਬੰਧ ਮੁਕੰਮਲ ਕੀਤੇ ਜਾ ਚੁੱਕੇ ਹਨ। ਇਹ ਦਾਅਵਾ ਐੱਸਡੀਐੱਮ ਸ਼ਾਹਕੋਟ/ਕਮ ਚੋਣ ਅਧਿਕਾਰੀ ਸ਼ੁਭੀ ਆਂਗਰਾ ਨੇ ਕਰਦਿਆਂ ਦੱਸਿਆ ਕਿ ਚੋਣਾਂ ਕਰਵਾਉਣ ਲਈ ਤਾਇਨਾਤ ਕੀਤੇ ਅਮਲੇ ਨੂੰ ਸਿਖਲਾਈ ਦਿਤੀ ਜਾ ਚੁੱਕੀ ਹੈ। 26 ਜੁਲਾਈ ਨੂੰ ਸੁਰੱਖਿਆ ਹੇਠ ਪੋਲਿੰਗ ਪਾਰਟੀਆਂ ਨੂੰ ਪੋਲਿੰਗ ਬੂਥਾਂ ਲਈ ਰਵਾਨਾ ਕੀਤਾ ਜਾਵੇਗਾ।
ਚੋਣਾਂ ਦੇ ਅਮਲ ਨੂੰ ਸਫਲ ਬਣਾਉਣ ਲਈ ਹਰ ਬੂਥ ’ਤੇ ਇਕ ਪ੍ਰੀਜਾਈਡਿੰਗ ਅਫਸਰ, ਇਕ ਸਹਾਇਕ ਪ੍ਰੀਜਾਈਡਿੰਗ ਅਫ਼ਸਰ ਅਤੇ ਤਿੰਨ ਪੋਲਿੰਗ ਅਫ਼ਸਰ ਤਾਇਨਾਤ ਕੀਤੇ ਹਨ। ਜ਼ਿਕਰਯੋਗ ਹੈ ਕਿ ਬਲਾਕ ਸ਼ਾਹਕੋਟ ਦੇ ਪਿੰਡ ਜਗਤਪੁਰ ਸੋਹਲ ’ਚ 1 ਇਸਤਰੀ ਸਰਪੰਚ ਤੇ ਵਾਰਡ ਨੰਬਰ 1 ਦੇ ਪੰਚ, ਕੁਲਾਰ ’ਚ ਇਸਤਰੀ ਸਰਪੰਚ, ਫਕਰੂਵਾਲ ’ਚ ਵਾਰਡ ਨੰਬਰ 2, 3, 4 ਤੇ 5 ਦੇ ਪੰਚ, ਗੋਬਿੰਦ ਨਗਰ ਦੇ ਵਾਰਡ ਨੰਬਰ 1 ਤੇ 2, ਰਾਜੇਵਾਲ ਖੁਰਦ ਦੇ ਵਾਰਡ ਨੰਬਰ 1, ਮਹਿਮਦਪੁਰ ਦੇ ਵਾਰਡ ਨੰਬਰ 2 ਅਤੇ ਬਲਾਕ ਲੋਹੀਆਂ ਖਾਸ ਦੇ ਪਿੰਡ ਮੰਢਾਲਾ ਛੰਨਾਂ ਦੇ ਵਾਰਡ ਨੰਬਰ 2 ਤੇ 3, ਮੁੰਡੀ ਚੋਹਲੀਆਂ ਦੇ ਵਾਰਡ ਨੰਬਰ 1, ਮੁੰਡੀ ਸ਼ਹਿਰੀਆਂ ਦੇ ਵਾਰਡ ਨੰਬਰ 2, ਜਾਨੀਆਂ ਦੇ ਵਾਰਡ ਨੰਬਰ 1 ਤੇ 3, ਬਾੜਾ ਵੁੱਧ ਸਿੰਘ ਦੇ ਵਾਰਡ ਨੰਬਰ 3, ਕਾਕੜ ਕਲਾਂ ਦੇ ਵਾਰਡ ਨੰਬਰ 1, ਕਮਾਲਪੁਰ ਦੇ ਵਾਰਡ ਨੰਬਰ 2, ਗੱਟੀ ਪੀਰ ਬਖ਼ਸ਼ ਦੇ ਵਾਰਡ ਨੰਬਰ 1, 2 ਤੇ 5, ਪਿੱਪਲੀ ਦੇ ਵਾਰਡ ਨੰਬਰ 5, ਚੱਕ ਪਿੱਪਲੀ ਦੇ ਵਾਰਡ ਨੰਬਰ 1 ,2, 4 ਤੇ 5, ਮਿਆਨੀ ਦੇ ਵਾਰਡ ਨੰਬਰ 4, ਬਸਤੀ ਕੰਗ ਕਲਾਂ ਦੇ ਵਾਰਡ ਨੰਬਰ 3, ਚਾਚੋਵਾਲ ਦੇ ਵਾਰਡ ਨੰਬਰ 1 ਤੇ 5, ਮੋਤੀਪੁਰ ਦੇ ਵਾਰਡ ਨੰਬਰ 1 ਤੇ 4, ਦੌਲਤਪੁਰ ਢੱਡਾ ਦੇ ਵਾਰਡ ਨੰਬਰ 1 ਅਤੇ ਸੀਚੇਵਾਲ ਦੇ ਵਾਰਡ ਨੰਬਰ 7 ਦੇ ਪੰਚ ਲਈ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਪੋਲਿੰਗ ਹੋਵੇਗੀ। ਇਸ ਤੋਂ ਬਾਅਦ ਬੂਥਾਂ ’ਤੇ ਹੀ ਵੋਟਾਂ ਦੀ ਗਿਣਤੀ ਹੋਵੇਗੀ। ਵਰਨਣਯੋਗ ਹੈ ਕਿ ਬਲਾਕ ਸ਼ਾਹਕੋਟ ਦੇ ਪਿੰਡ ਤਾਹਰਪੁਰ ’ਚ ਅਤੇ ਬਲਾਕ ਲੋਹੀਆਂ ਖਾਸ ਦੇ ਪਿੰਡ ਮਾਣਕ ’ਚ ਖਾਲੀ ਇਕ-ਇਕ ਪੰਚ ਦੀ ਸੀਟ ਲਈ ਕਿਸੇ ਵੀ ਵਿਅਕਤੀ ਵੱਲੋਂ ਕਾਗ਼ਜ਼ ਦਾਖ਼ਲ ਨਹੀਂ ਕੀਤੇ ਗਏ।
ਪੰਚਾਇਤ ਚੋਣਾਂ ਲਈ ਤਿਆਰੀਆਂ ਮੁਕੰਮਲ
ਤਰਨ ਤਾਰਨ (ਗੁਰਬਖ਼ਸ਼ਪੁਰੀ): ਜ਼ਿਲ੍ਹੇ ਅੰਦਰ ਪੰਚਾਇਤਾਂ ਦੀਆਂ ਖਾਲੀ ਅਸਾਮੀਆਂ ਦੀ 27 ਜੁਲਾਈ ਨੂੰ ਹੋਣ ਵਾਲੀ ਚੋਣ ਦੌਰਾਨ ਲੋੜੀਂਦੇ ਬੰਦੋਬਸਤ ਕਰਦਿਆਂ ਸਬੰਧਿਤ ਪਿੰਡਾਂ ਦੇ ਮਾਲੀਏ ਦੀ ਹਦੂਦ ਅੰਦਰ ਜਿਲ੍ਹਾ ਮੈਜਿਸਟਰੇਟ ਰਾਹੁਲ ਨੇ ਡਰਾਈ-ਡੇਅ ਦਾ ਐਲਾਨ ਕੀਤਾ ਹੈ। ਇਹ ਹੁਕਮ 27 ਜੁਲਾਈ ਤੋਂ 28 ਜੁਲਾਈ ਦੀ ਸਵੇਰ ਦੇ 10 ਵਜੇ ਤੱਕ ਲਾਗੂ ਰਹਿਣਗੇ। ਜ਼ਿਲ੍ਹਾ ਮਜਿਸਟਰੇਟ ਨੇ ਪੰਚਾਇਤੀ ਚੋਣਾਂ ਵਾਲੇ ਦਿਨ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਅੰਦਰ ਪ੍ਰਚਾਰ, ਕਿਸੇ ਵੀ ਵਿਅਕਤੀ ਵੱਲੋਂ ਸੈਲੂਲਰ ਫੋਨ/ਵਾਇਰਲੈਸ ਸੈਂਟ/ਲਾਊਡ ਸਪੀਕਰ, ਮੈਗਾਫੋਨ ਦੀ ਵਰਤੋਂ ਪ੍ਰਚਾਰ ਨਾਲ ਸਬੰਧੀ ਪੋਸਟਰ/ਬੈਨਰ ਲਗਾਉਣ ’ਤੇ ਵੀ ਰੋਕ ਲਗਾ ਦਿੱਤੀ ਹੈ।