ਈਡੀ ਵੱਲੋਂ ਬਾਂਸਲ ਪਰਿਵਾਰ ਦੀ 21 ਕਰੋੜ ਰੁਪਏ ਦੀ ਜਾਇਦਾਦ ਜ਼ਬਤ
ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ), ਜਲੰਧਰ ਜ਼ੋਨਲ ਦਫ਼ਤਰ ਨੇ ਮਨੀ ਲਾਂਡਰਿੰਗ ਰੋਕਥਾਮ ਐਕਟ ਤਹਿਤ ਅਸਥਾਈ ਕੁਰਕੀ ਆਦੇਸ਼ ਜਾਰੀ ਕੀਤਾ ਹੈ, ਜਿਸ ਤਹਿਤ ਡਾ. ਅਮਿਤ ਬਾਂਸਲ, ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਤੇ ਸਬੰਧਿਤ ਸੰਸਥਾਵਾਂ ਦੀਆਂ 21 ਕਰੋੜ ਰੁਪਏ ਦੀਆਂ ਜਾਇਦਾਦਾਂ ਜ਼ਬਤ ਕੀਤੀਆਂ ਹਨ। ਇਹ ਜਾਇਦਾਦਾਂ ਮਨੀ ਲਾਂਡਰਿੰਗ ਜਾਂਚ ਵਿੱਚ ਜ਼ਬਤ ਕੀਤੀਆਂ ਗਈਆਂ ਹਨ। ਈਡੀ ਨੇ ਹਾਲ ਹੀ ਵਿੱਚ ਪੰਜਾਬ ਦੇ 22 ਨਿੱਜੀ ਨਸ਼ਾ ਛੁਡਾਊ ਕੇਂਦਰਾਂ ਦੁਆਰਾ ਬੁਪ੍ਰੇਨੋਰਫਾਈਨ/ ਨਾਲੈਕਸੋਨ (ਬੀਐਨਐਕਸ) ਦਵਾਈਆਂ ਦੀ ਗੈਰ-ਕਾਨੂੰਨੀ ਵਿਕਰੀ ਸਬੰਧੀ ਬਾਂਸਲ ਦੇ ਗੁਦਾਮਾਂ’ ਤੇ ਛਾਪੇ ਮਾਰੇ ਸੀ। ਈਡੀ ਨੇ ਐੱਨਡੀਪੀਐੱਸ ਐਕਟ ਅਤੇ ਭ੍ਰਿਸ਼ਟਾਚਾਰ ਰੋਕਥਾਮ ਐਕਟ ਦੀਆਂ ਧਾਰਾਵਾਂ ਤਹਿਤ ਪੰਜਾਬ ਪੁਲੀਸ ਦੁਆਰਾ ਦਰਜ ਕੀਤੀਆਂ ਗਈਆਂ ਵੱਖ-ਵੱਖ ਐੱਫਆਈਆਰਜ਼ ਦੇ ਆਧਾਰ ’ਤੇ ਜਾਂਚ ਸ਼ੁਰੂ ਕੀਤੀ।
ਈਡੀ ਦੀ ਜਾਂਚ ਤੋਂ ਪਤਾ ਲੱਗਾ ਹੈ ਕਿ ਅਮਿਤ ਬਾਂਸਲ ਪੰਜਾਬ ਵਿੱਚ 22 ਨਿੱਜੀ ਨਸ਼ਾ ਛੁਡਾਊ ਕੇਂਦਰ ਚਲਾ ਰਿਹਾ ਸੀ ਅਤੇ ਨਸ਼ਾ ਛੁਡਾਊ ਕੇਂਦਰਾਂ ਦੀ ਆੜ ਵਿੱਚ ਬੀਐੱਨਐਕਸ ਦਵਾਈਆਂ ਪ੍ਰਾਪਤ ਕਰ ਰਿਹਾ ਸੀ ਅਤੇ ਇਨ੍ਹਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਵੇਚ ਰਿਹਾ ਸੀ, ਜਿਸ ਨਾਲ ਅਪਰਾਧ ਤੋਂ ਵੱਡੀ ਕਮਾਈ (ਪੀਓਸੀ) ਹੋਈ। ਗੈਰ-ਕਾਨੂੰਨੀ ਗਤੀਵਿਧੀਆਂ ਰਾਹੀਂ ਪੈਦਾ ਹੋਏ ਪੀਓਸੀ ਨੂੰ ਹਸਪਤਾਲਾਂ ਦੇ ਬੈਂਕ ਖਾਤਿਆਂ ਵਿੱਚ ਜਮ੍ਹਾਂ ਕਰਵਾਇਆ ਗਿਆ ਸੀ ਤੇ ਬਾਅਦ ਵਿੱਚ ਅਮਿਤ ਬਾਂਸਲ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੇ ਬੈਂਕ ਖਾਤਿਆਂ ਵਿੱਚ ਪਾ ਦਿੱਤਾ ਗਿਆ ਸੀ।