ਨਸ਼ਾ ਤਸਕਰੀ: 16 ਗ੍ਰਿਫ਼ਤਾਰ, 9 ਕੇਸ ਦਰਜ
ਯੁੱਧ ਨਸ਼ਿਆਂ ਵਿਰੁੱਧ ਤਹਿਤ ਕਮਿਸ਼ਨਰੇਟ ਪੁਲੀਸ ਜਲੰਧਰ ਵੱਲੋਂ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਵਿਸ਼ੇਸ਼ ਮੁਹਿੰਮ ਚਲਾਈ ਗਈ ਜਿਸ ਦੌਰਾਨ 16 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਨਸ਼ੀਲੇ ਪਦਾਰਥਾਂ, ਗੈਰਕਾਨੂੰਨੀ ਸ਼ਰਾਬ ਅਤੇ ਵਾਹਨਾਂ ਦੀ ਬਰਾਮਦਗੀ ਕੀਤੀ ਗਈ। ਇਸ ਬਾਰੇ ਪੁਲੀਸ ਕਮਿਸ਼ਨਰ ਜਲੰਧਰ ਧਨਪ੍ਰੀਤ ਕੌਰ ਨੇ ਦੱਸਿਆ ਕਿ ਕਮਿਸ਼ਨਰੇਟ ਜਲੰਧਰ ਦੇ ਅਧਿਕਾਰ ਖੇਤਰ ਅੰਦਰ ਆਉਣ ਵਾਲੇ ਵੱਖ-ਵੱਖ ਥਾਣਿਆਂ ਵੱਲੋਂ ਇਹ ਕਾਰਵਾਈਆਂ ਕੀਤੀਆਂ ਗਈਆਂ। ਨਤੀਜੇ ਵਜੋਂ ਨਸ਼ਾ ਤਸਕਰੀ ਵਿੱਚ ਸ਼ਾਮਲ 15 ਵਿਅਕਤੀਆਂ ਦੀ ਗ੍ਰਿਫਤਾਰੀ ਹੋਈ। ਇਨ੍ਹਾਂ ਵਿੱਚ 4 ਡਰੱਗ ਸਪਲਾਇਰ/ਪੈਡਲਰ ਸ਼ਾਮਲ ਹਨ। ਇਸ ਦੌਰਾਨ 8 ਮੁਕੱਦਮੇ ਦਰਜ ਕੀਤੇ ਗਏ ਅਤੇ 46 ਗ੍ਰਾਮ ਹੈਰੋਇਨ ਸਮੇਤ 61 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ। ਉਨ੍ਹਾਂ ਨੇ ਅੱਗੇ ਦੱਸਿਆ ਕਿ ਪੁਲੀਸ ਵੱਲੋਂ ਕਾਰ ਅਤੇ ਮੋਟਰਸਾਈਕਲ ਵੀ ਜ਼ਬਤ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ 3600 ਐੱਮਐੱਲ ਗੈਰ-ਕਾਨੂੰਨੀ ਸ਼ਰਾਬ ਵੀ ਜ਼ਬਤ ਕੀਤੀ ਗਈ ਹੈ ਜਿਸ ਕਾਰਨ ਐਕਸਾਈਜ਼ ਐਕਟ ਅਧੀਨ ਕੇਸ ਦਰਜ ਕਰ ਕੇ, ਇਸ ਵਿੱਚ ਸ਼ਾਮਲ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।