ਜ਼ਿਲ੍ਹੇ ਦੇ ਪਿੰਡ ਮਾਕੋਵਾਲ ਦੇ ਵਾਸੀ ਡਾ. ਕੁਲਵਿੰਦਰ ਸਿੰਘ ਜੋ ਕਿ ਪਿੰਡ ਸੁਧਾਰ ਵਿੱਚ ਇੱਕ ਨਿੱਜੀ ਹਸਪਤਾਲ ਚਲਾਉਂਦਾ ਹੈ, ਨੂੰ ਅੱਜ ਦੋ ਹਥਿਆਰਬੰਦ ਹਮਲਾਵਰਾਂ ਵੱਲੋਂ ਹਸਪਤਾਲ ਵਿੱਚ ਦਾਖ਼ਲ ਹੋ ਕੇ ਗੋਲੀ ਮਾਰ ਕੇ ਜ਼ਖ਼ਮੀ ਕਰ ਦਿੱਤਾ। ਉਹ ਇਸ ਸਮੇਂ ਇੱਕ ਨਿੱਜੀ ਹਸਪਤਾਲ ਵਿੱਚ ਜ਼ੇਰੇ ਇਲਾਜ ਹੈ। ਜਾਣਕਾਰੀ ਅਨੁਸਾਰ ਹਮਲਾਵਰਾਂ ਵੱਲੋਂ ਚਲਾਈਆਂ ਗਈਆਂ ਗੋਲੀਆਂ ਉਸਦੀ ਬਾਂਹ ਅਤੇ ਪੇਟ ਵਿੱਚ ਲੱਗੀਆਂ ਹਨ। ਜਿਸ ਨਾਲ ਉਹ ਗੰਭੀਰ ਜ਼ਖਮੀ ਹੋ ਗਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਪੁਲੀਸ ਨੇ ਘਟਨਾ ਸਥਾਨ ’ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ। ਹਮਲਾਵਰ ਦਵਾਈ ਲੈਣ ਦੇ ਬਹਾਨੇ ਹਸਪਤਾਲ ਵਿੱਚ ਦਾਖਲ ਹੋਏ ਸਨ। ਜ਼ਿਕਰਯੋਗ ਹੈ ਕਿ ਡਾ. ਕੁਲਵਿੰਦਰ ਸਿੰਘ ਨੂੰ ਵਿਦੇਸ਼ੀ ਗੈਂਗਸਟਰ ਜੀਵਨ ਫੌਜੀ ਵੱਲੋਂ ਜਬਰੀ ਵਸੂਲੀ ਦੇ ਨਾਂ ’ਤੇ ਫੋਨ ਆਏ ਸਨ ਅਤੇ ਉਸ ਨੂੰ ਧਮਕੀ ਦਿੱਤੀ ਗਈ ਸੀ। ਪਹਿਲੀ ਵਾਰ ਪਹਿਲੀ ਜੂਨ ਨੂੰ ਫਿਰੌਤੀ ਸਬੰਧੀ ਫੋਨ ਆਇਆ ਸੀ ਅਤੇ 50 ਲੱਖ ਰੁਪਏ ਮੰਗੇ ਗਏ ਸਨ। ਅਣਪਛਾਤੇ ਮੋਟਰਸਾਈਕਲ ਸਵਾਰਾਂ ਨੇ 11 ਜੁਲਾਈ ਨੂੰ ਵੀ ਉਸਦੇ ਹਸਪਤਾਲ ’ਤੇ ਕਥਿਤ ਫਾਇਰਿੰਗ ਕੀਤੀ ਸੀ। ਉਸ ਨੂੰ ਦੁਬਾਰਾ ਫੋਨ ’ਤੇ ਧਮਕੀ ਦਿੱਤੀ ਗਈ ਸੀ। ਰਮਦਾਸ ਥਾਣੇ ਦੇ ਐਸਐਚਓ ਆਗਿਆਪਾਲ ਸਿੰਘ ਨੇ ਕਿਹਾ ਕਿ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਹਮਲਾਵਰਾਂ ਦੀ ਪਛਾਣ ਕਰ ਕੇ ਛੇਤੀ ਕਾਬੂ ਕੀਤਾ ਜਾਵੇਗਾ। ਹਾਲਾਂਕਿ, ਹਸਪਤਾਲ ’ਤੇ ਗੋਲੀਬਾਰੀ ਕਰਨ ਦੇ ਮਾਮਲੇ ਵਿੱਚ ਚਾਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਜੋ ਇਸ ਸਮੇਂ ਜੇਲ੍ਹ ਵਿੱਚ ਬੰਦ ਹਨ।
+
Advertisement
Advertisement
Advertisement
Advertisement
×