ਬਲਾਕ ਲੋਹੀਆਂ ਖਾਸ ਦੇ ਪਿੰਡ ਮੁੰਡੀ ਕਾਲੂ ਦੇ ਨਜ਼ਦੀਕ ਸਤਲੁਜ ਦਰਿਆ ਦੇ ਧੁੱਸੀ ਬੰਨ੍ਹ ਅੰਦਰ ਲੋਕਾਂ ਵੱਲੋਂ ਖ਼ੁਦ ਲਗਾਏ ਅਗਾਊਂ ਬੰਨ੍ਹ ਨੂੰ ਮਜ਼ਬੂਤ ਕਰਨ ਅਤੇ ਨਾ ਮਜ਼ਬੂਤ ਕਰਨ ਵਾਲਿਆਂ ਦਰਮਿਆਨ ਆਪਸੀ ਝਗੜਾ ਹੋ ਗਿਆ। ਥਾਣਾ ਲੋਹੀਆਂ ਖਾਸ ਦੀ ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ।
ਜਾਣਕਾਰੀ ਮੁਤਾਬਕ ਦਰਿਆ ਸਤਲੁਜ ਵਿਚ ਪਾਣੀ ਦੇ ਵਧੇ ਪੱਧਰ ਕਾਰਨ ਦਰਿਆ ਦਾ ਪਾਣੀ ਐਡਵਾਂਸ ਬੰਨ੍ਹ ਦੇ ਉੱਪਰ ਦੀ ਵਗਣ ਲੱਗ ਪਿਆ। ਇਸ ਖ਼ਤਰੇ ਨੂੰ ਦੇਖਦਿਆਂ ਹੜ੍ਹ ਰੋਕੂ ਕਮੇਟੀ ਦੇ ਮੈਂਬਰ, ਆਸ-ਪਾਸ ਦੇ ਪਿੰਡਾਂ ਦੇ ਲੋਕ ਅਤੇ ‘ਆਪ’ ਦੇ ਜ਼ਿਲ੍ਹਾ ਜਲੰਧਰ ਯੂਥ ਵਿੰਗ ਦੇ ਪ੍ਰਧਾਨ ਰਜਿੰਦਰ ਸਿੰਘ ਭੁੱਲਰ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਲਈ ਪਹੁੰਚ ਗਏ। ਇਸ ਸਮੇਂ ਦੌਰਾਨ ਹੀ ਕੁਝ ਵਿਅਕਤੀ ਉੱਥੇ ਪਹੁੰਚ ਕੇ ਬੰਨ੍ਹ ਨੂੰ ਮਜ਼ਬੂਤ ਨਾ ਕਰਨ ਦੀ ਵਕਾਲਤ ਕਰਨ ਲੱਗੇ। ਇਸ ਗੱਲ ਨੂੰ ਲੈ ਕੇ ਦੋਵੇਂ ਧਿਰਾਂ ਦਾ ਝਗੜਾ ਹੋ ਗਿਆ। ‘ਆਪ’ ਦੇ ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਰਜਿੰਦਰ ਸਿੰਘ ਭੁੱਲਰ ਨੇ ਲੋਹੀਆਂ ਖਾਸ ਦੀ ਪੁਲੀਸ ਨੂੰ ਦਰਜ ਕਰਵਾਏ ਬਿਆਨਾਂ ’ਚ ਦੱਸਿਆ ਕਿ ਉਹ ਤੇ ਉਨ੍ਹਾਂ ਦੇ ਸਾਥੀ ਜਦੋਂ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰ ਲੱਗੇ ਤਾਂ ਉਨ੍ਹਾਂ ਉੱਪਰ ਮੁੰਡੀ ਕਾਲੂ ਦੇ ਕੁਝ ਵਾਸੀਆਂ ਨੇ ਹਮਲਾ ਕਰ ਦਿੱਤਾ। ਉਨ੍ਹਾਂ ਅਤੇ ਉਨ੍ਹਾਂ ਦੇ ਸਾਥੀਆਂ ਨੇ ਮੁਸ਼ਕਲ ਨਾਲ ਆਪਣਾ ਬਚਾਅ ਕੀਤਾ।
ਐੱਸਐੱਚਓ ਲੋਹੀਆਂ ਖਾਸ ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਹ ਘਟਨਾ ਦੀ ਜਾਂਚ ਕਰ ਰਹੇ ਹਨ। ਜਾਂਚ ਦੌਰਾਨ ਜਿਹੜੀ ਧਿਰ ਕਸੂਰਵਾਰ ਪਾਈ ਗਈ, ਉਸ ਖ਼ਿਲਾਫ਼ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।