ਨਗਰ ਨਿਗਮ ਹਾਊਸ ਦੀ ਮੀਟਿੰਗ ਅੱਜ ਮੇਅਰ ਸੁਰਿੰਦਰ ਕੁਮਾਰ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ ਸ਼ਹਿਰ ਦੇ ਵੱਖ-ਵੱਖ ਵਿਕਾਸ ਕਾਰਜਾਂ ਅਤੇ ਕਰਮਚਾਰੀਆਂ ਨਾਲ ਸਬੰਧਤ ਸੇਵਾ ਮਾਮਲਿਆਂ ਨੂੰ ਪ੍ਰਵਾਨਗੀ ਦਿੱਤੀ ਗਈ। ਮੇਅਰ ਨੇ ਦੱਸਿਆ ਕਿ ਸ਼ਹਿਰ ਦੀ ਸਫ਼ਾਈ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਇਕ ਮਹੱਤਵਪੂਰਨ ਫ਼ੈਸਲਾ ਲਿਆ ਗਿਆ ਹੈ, ਜਿਸ ਤਹਿਤ ਹਰ ਘਰ ਤੋਂ ਕੂੜਾ ਇਕੱਠਾ ਕਰਨਾ, ਵਿਗਿਆਨਕ ਢੰਗ ਨਾਲ ਪ੍ਰੋਸੈਸ ਕਰਨਾ ਅਤੇ ਇਸ ਨੂੰ ਪਿੱਪਲਵਾਲਾ ਸਥਿਤ ਮੁੱਖ ਪ੍ਰੋਸੈਸਿੰਗ ਕੇਂਦਰ ਤੱਕ ਪਹੁੰਚਾਉਣਾ ਹੁਣ ਇੱਕ ਨਿੱਜੀ ਏਜੰਸੀ ਨੂੰ ਸੌਂਪਿਆ ਜਾਵੇਗਾ। ਇਸ ਨਾਲ ਸ਼ਹਿਰ ਦੇ ਵੱਖ-ਵੱਖ ਥਾਵਾਂ ’ਤੇ ਪਏ ਕੂੜੇ ਦੇ ਢੇਰਾਂ ਤੋਂ ਨਿਜ਼ਾਤ ਮਿਲੇਗੀ। ਮੇਅਰ ਨੇ ਕਿਹਾ ਕਿ ਦੇਸ਼ ਦੀ ਰੱਖਿਆ ਕਰਨ ਵਾਲੇ ਬਹਾਦਰ ਸੈਨਿਕਾਂ ਦੇ ਸਨਮਾਨ ਵਿਚ ਗ੍ਰੀਨ ਵਿਊ ਪਾਰਕ ਵਿਚ ਇਕ ਆਰਮੀ ਟੈਂਕ ਲਗਾਇਆ ਜਾਵੇਗਾ, ਜੋ ਨਾ ਸਿਰਫ਼ ਫੌਜੀ ਜਜ਼ਬੇ ਨੂੰ ਸਲਾਮੀ ਹੋਵੇਗੀ ਬਲਕਿ ਪਾਰਕ ਦੀ ਸੁੰਦਰਤਾ ਨੂੰ ਵੀ ਵਧਾਵੇਗਾ।
ਉਨ੍ਹਾਂ ਕਿਹਾ ਕਿ ਟਿਊਬਵੈੱਲਾਂ ਦੀ ਰੀਬੋਰਿੰਗ ਲਈ 167.46 ਲੱਖ ਰੁਪਏ, ਜਲ ਸਪਲਾਈ ਲਾਈਨਾਂ ਵਿਛਾਉਣ ਲਈ 7.10 ਕਰੋੜ ਰੁਪਏ, ਜਲ ਸਪਲਾਈ ਤੇ ਸੀਵਰੇਜ ਪ੍ਰਣਾਲੀ ਦੇ ਰੱਖ-ਰਖਾਅ ਲਈ 2323.41 ਲੱਖ ਰੁਪਏ ਅਤੇ ਨਾਲਿਆਂ ਦੀ ਸਫਾਈ ਲਈ 9.87 ਲੱਖ ਰੁਪਏ ਮਨਜ਼ੂਰ ਕੀਤੇ ਗਏ ਹਨ। ਮੀਟਿੰਗ ਵਿਚ ਨਗਰ ਨਿਗਮ ਕਮਿਸ਼ਨਰ ਜਯੋਤੀ ਬਾਲਾ ਮੱਟੂ, ਸੀਨੀਅਰ ਡਿਪਟੀ ਮੇਅਰ ਪ੍ਰਵੀਨ ਲਤਾ ਸੈਣੀ, ਨਿਗਮ ਦੀ ਵਿੱਤ ਅਤੇ ਠੇਕਾ ਕਮੇਟੀ ਦੇ ਚੇਅਰਮੈਨ ਬਲਵਿੰਦਰ ਕੁਮਾਰ ਬਿੰਦੀ, ਮਾਰਕੀਟ ਕਮੇਟੀ ਦੇ ਚੇਅਰਮੈਨ ਜਸਪਾਲ ਸਿੰਘ ਚੇਚੀ, ਸੰਯੁਕਤ ਕਮਿਸ਼ਨਰ ਸੰਦੀਪ ਤਿਵਾੜੀ, ਐਸ.ਈ ਸਤੀਸ਼ ਕੁਮਾਰ ਸੈਣੀ, ਇੰਜ. ਹਰਪ੍ਰੀਤ ਸਿੰਘ, ਕੁਲਦੀਪ ਸਿੰਘ ਅਤੇ ਮਿਉਂਸਿਪਲ ਟਾਊਨ ਪਲੈਨਰ ਲਖਵੀਰ ਸਿੰਘ ਮੌਜੂਦ ਸਨ।