ਦਿਓਲ ਨਗਰ ਵਾਸੀਆਂ ਵੱਲੋਂ ਸੜਕ ਦੇ ਉਸਾਰੀ ਕਾਰਜਾਂ ਦਾ ਵਿਰੋਧ
ਪੱਤਰ ਪ੍ਰੇਰਕ
ਜਲੰਧਰ, 15 ਜੂਨ
ਦਿਓਲ ਨਗਰ ਵਿੱਚ ਸੜਕ ਬਣਾਉਣ ਦੇ ਕੰਮ ਦਾ ਇਲਾਕਾ ਵਾਸੀਆਂ ਨੇ ਵਿਰੋਧ ਕੀਤਾ। ਇਸੇ ਦੌਰਾਨ ਵਾਰਡ-40 ਦੇ ਕੌਂਸਲਰ ਅਜੇ ਬੱਬਲ ਨੇ ਦੋਸ਼ ਲਾਇਆ ਹੈ ਕਿ ਸੜਕ ਦੇ ਕੰਮ ਦੀ ਸ਼ੁਰੂਆਤ ਦੇ ਸਮੇਂ ਉਸ ਨੂੰ ਨਜ਼ਰਅੰਦਾਜ਼ ਕੀਤਾ ਗਿਆ।
ਜਾਣਕਾਰੀ ਅਨੁਸਾਰ ਪੱਛਮੀਂ ਹਲਕੇ ਦੇ 40 ਅਤੇ 41 ਵਾਰਡ ਨਾਲ ਲੱਗਦੀ ਸੜਕ ਦੇ ਕੰਮ ਦੀ ਸ਼ੁਰੂਆਤ ਮੰਤਰੀ ਮਹਿੰਦਰ ਭਗਤ ਨੇ ਕਰਵਾਈ ਸੀ। ਹੁਣ ਜਦੋਂ ਤਾਂ ਇਲਾਕਾ ਵਾਸੀਆਂ ਨੇ ਇਸ ਦਾ ਵਿਰੋਧ ਕਰਦਿਆਂ ਦੋਸ਼ ਲਾਇਆ ਕਿ ਸੜਕ ਬਣਾਉਣ ਤੋਂ ਪਹਿਲਾਂ ਇੱਥੇ ਸਫ਼ਾਈ ਨਹੀਂ ਕੀਤੀ ਗਈ। ਇਸ ਮਗਰੋਂ ਕੌਂਸਲਰ ਬੱਬਲ ਨੇ ਲੋਕਾਂ ਨਾਲ ਜਾ ਕੇ ਕੰਮ ਬੰਦ ਕਰਾਇਆ। ਇਸ ਮੌਕੇ ਗੁਰਵਿੰਦਰ ਸਿੰਘ, ਅੰਮ੍ਰਿਤ ਸਿੰਘ, ਮਹੇਸ਼ ਕੁਮਾਰ, ਨਵਦੀਪ ਸਿੰਘ, ਗਗਨ, ਸੰਦੀਪ ਸਿੰਘ ਅਤੇ ਰਣਜੀਤ ਸਿੰਘ ਆਦਿ ਨੇ ਕਿਹਾ ਕਿ ਸੜਕ ਬਣਾਉਣ ਤੋਂ ਪਹਿਲਾਂ ਸਫ਼ਾਈ ਕਰਵਾਈ ਜਾਵੇ। ਕੌਂਸਲਰ ਬੱਬਲ ਨੇ ਕਿਹਾ ਕਿ ਉਹ ਇਹ ਮਾਮਲਾ ਮੇਅਰ ਵਿਨੀਤ ਧੀਰ ਦੇ ਧਿਆਨ ’ਚ ਲਿਆਉਣਗੇ।
ਇਸ ਦੌਰਾਨ ਨਗਰ ਨਿਗਮ ਦੀ ਬੀਐਂਡਆਰ ਬ੍ਰਾਂਚ ਦੇ ਐੱਸਈ ਰਜਨੀਸ਼ ਡੋਗਰਾ ਨੇ ਕਿਹਾ ਕਿ ਅਜੇ ਤਾਂ ਕੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਅਸਲੀ ਕੰਮ ਤਾਂ ਬਾਅਦ ਵਿੱਚ ਕੀਤਾ ਜਾਣਾ ਹੈ। ਇਹ ਤਾਂ ਪੈਚਵਰਕ ਸ਼ੁਰੂ ਕੀਤਾ ਗਿਆ ਹੈ। ਮੁੱਖ ਸੜਕ ਬਣਨ ਤੋਂ ਪਹਿਲਾਂ ਛੋਟੀਆਂ ਸੜਕਾਂ ਤੇ ਗਲੀਆਂ ਦਾ ਕੰਮ ਹੋਣਾ ਹੈ ਅਤੇ ਉਸ ਤੋਂ ਬਾਅਦ ਹੀ ਇਸ ਸੜਕ ਦਾ ਕੰਮ ਹੋਵੇਗਾ। ਉਨ੍ਹਾਂ ਕਿਹਾ ਕਿ ਇਹ ਸੜਕ ਦਾ ਕੰਮ ਲਗਪਗ 25 ਲੱਖ ਦਾ ਹੈ ਅਤੇ ਜੇਈ ਦੀ ਨਿਗਰਾਨੀ ਹੇਠ ਸ਼ੁਰੂ ਹੋਇਆ ਹੈ।