ਜੇਲ੍ਹ ਬੰਦੀ ਵਿਰੁੱਧ ਮੁਹਿੰਮ ਚਲਾਏਗਾ ਜਮਹੂਰੀ ਫਰੰਟ
ਜਲੰਧਰ ਵਿੱਚ ਕੀਤਾ ਜਾਵੇਗਾ ਮਨੁੱਖੀ ਅਧਿਕਾਰ ਦਿਹਾੜੇ ਨੂੰ ਸਮਰਪਿਤ ਸੂਬਾਈ ਕਨਵੈਨਸ਼ਨ ਤੇ ਮਾਰਚ
ਅੱਜ ਇੱਥੇ ਅਪਰੇਸ਼ਨ ਗਰੀਨ ਹੰਟ ਵਿਰੋਧੀ ਜਮਹੂਰੀ ਫਰੰਟ ਪੰਜਾਬ ਦੀ ਸੂਬਾ ਕਮੇਟੀ ਦੀ ਮੀਟਿੰਗ ਨੇ ਫੈਸਲਾ ਲਿਆ ਕਿ ਦੇਸ਼ ਦੇ ਕੇਂਦਰੀ ਗ੍ਰਹਿ ਮੰਤਰੀ ਵੱਲੋਂ ਆਤਮ ਸਮਰਪਣ ਕਰਨਾ ਜਾਂ ਮਰਨ ਲਈ ਤਿਆਰ ਰਹਿਣ ਦਾ ਵਾਰ ਵਾਰ ਐਲਾਨ ਕਰਕੇ ਆਦਿਵਾਸੀ ਲੋਕਾਂ ਅਤੇ ਕਮਿਊਨਿਸਟ ਇਨਕਲਾਬੀਆਂ ਦੇ ਕਤਲੇਆਮ ’ਚ ਹੋਰ ਤੇਜ਼ੀ ਲਿਆਉਣ ਦਾ ਸਪੱਸ਼ਟ ਸੰਕੇਤ ਗੰਭੀਰ ਚਿੰਤਾ ਦਾ ਵਿਸ਼ਾ ਹੈ। ਜਲ, ਜੰਗਲ, ਜ਼ਮੀਨ ਦੀ ਰਾਖੀ ਲਈ ਜੂਝਦੇ ਆਦਿਵਾਸੀਆਂ ਤੇ ਹੋਰ ਲੋਕਾਂ ਉੱਪਰ ਹਮਲਿਆਂ ਦਾ ਵਿਰੋਧ ਕਰਨ ਵਾਲੇ ਲੋਕ- ਪੱਖੀ ਬੁੱਧੀਜੀਵੀਆਂ ਤੇ ਜਮਹੂਰੀ ਕਾਰਕੁਨਾਂ ਨੂੰ ਬਿਨਾਂ ਮੁਕਦਮਾ ਚਲਾਏ ਜੇਲ੍ਹਾਂ ਵਿੱਚ ਸਾੜਿਆ ਜਾ ਰਿਹਾ ਹੈ ਅਤੇ ਹੋਰ ਲੋਕ ਜਮਹੂਰੀ ਕਾਰਕੁਨਾਂ ਨੂੰ ਜੇਲ੍ਹਾਂ ’ਚ ਡੱਕਣ ਦੀ ਤਿਆਰੀ ਕੀਤੀ ਜਾ ਰਹੀ ਹੈ।
ਜਮਹੂਰੀ ਫਰੰਟ ਦੇ ਕਨਵੀਨਰਾਂ ਡਾ. ਪਰਮਿੰਦਰ ਸਿੰਘ, ਪ੍ਰੋ. ਏ .ਕੇ. ਮਲੇਰੀ, ਬੂਟਾ ਸਿੰਘ ਮਹਿਮੂਦਪੁਰ ਅਤੇ ਯਸ਼ ਪਾਲ ਨੇ ਮੀਟਿੰਗ ਦੇ ਫੈਸਲਿਆਂ ਦੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਫਾਸ਼ੀ ਹੱਲੇ ਵਿਰੁੱਧ ਲੋਕ ਜਮਹੂਰੀ ਲਾਮਬੰਦੀ ਕਰਨ ਦੀ ਜ਼ੋਰਦਾਰ ਜਰੂਰਤ ਨੂੰ ਮੁੱਖ ਰੱਖਦਿਆਂ ਫਰੰਟ ਨੇ ਬਿਨਾਂ ਮੁਕੱਦਮਾ ਚਲਾਏ ਜੇਲ੍ਹਾਂ ’ਚ ਸੜ ਰਹੇ ਉਮਰ ਖ਼ਾਲਿਦ, ਗੁਲਫਿਸਾਂ ਫ਼ਾਤਿਮਾਂ ਸਮੇਤ ਸਮੂਹ ਲੋਕ ਪੱਖੀ ਬੁੱਧੀਜੀਵੀਆਂ ਅਤੇ ਕਾਰਕੁਨਾਂ ਦੀ ਰਿਹਾਈ ਲਈ ਵਿਸ਼ੇਸ਼ ਚੇਤਨਾ ਮੁਹਿੰਮ ਚਲਾਉਣ ਦਾ ਫ਼ੈਸਲਾ ਕੀਤਾ ਹੈ।
ਇਸ ਮੁਹਿੰਮ ਦੇ ਸਿਖ਼ਰ ਤੇ ਸੱਤ ਦਸੰਬਰ ਦਿਨ ਐਤਵਾਰ ਸਵੇਰੇ 10:30 ਵਜੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿੱਚ ਮਨੁੱਖੀ ਅਧਿਕਾਰ ਚੇਤਨਾ ਕਨਵੈਨਸ਼ਨ ਅਤੇ ਮਾਰਚ ਕੀਤਾ ਜਾਵੇਗਾ ।