ਸੰਯੁਕਤ ਕਿਸਾਨ ਮੋਰਚਾ ਨਾਲ ਸਬੰਧਤ ਕਿਸਾਨ ਜਥੇਬੰਦੀਆਂ ਨੇ ਇਲਾਕੇ ਦੀ ਸਹਿਕਾਰੀ ਖੰਡ ਮਿੱਲ ਸ਼ੇਰੋਂ ਨੂੰ ਫਿਰ ਤੋਂ ਚਾਲੂ ਕਰਵਾਉਣ ਲਈ ਜਥੇਬੰਦਕ ਹੰਭਲਾ ਮਾਰਨਾ ਸ਼ੁਰੂ ਕੀਤਾ ਹੈ| ਇਸ ਸਬੰਧੀ ਜਥੇਬੰਦੀਆਂ ਦੇ ਇੱਕ ਵਫ਼ਦ ਵੱਲੋਂ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਹੋਣ ਵਾਲੀ ਜ਼ਿਮਨੀ ਚੋਣ ਲਈ ਹਾਕਮ ਧਿਰ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਮੀਤ ਸਿੰਘ ਸੰਧੂ ਨੂੰ ਮੰਗ ਪੱਤਰ ਦਿੱਤਾ|
ਵਫ਼ਦ ਵਿੱਚ ਕਿਸਾਨ ਆਗੂ ਦਲਜੀਤ ਸਿੰਘ ਦਿਆਲਪੁਰਾ, ਨਛੱਤਰ ਸਿੰਘ ਤਰਨ ਤਾਰਨ, ਦਲਵਿੰਦਰ ਸਿੰਘ ਪੰਨੂ, ਤਰਸੇਮ ਸਿੰਘ ਲੁਹਾਰ,ਅਜੈਬ ਸਿੰਘ ਅਲਾਦੀਨਪੁਰ, ਭੁਪਿੰਦਰ ਸਿੰਘ ਪੰਡੋਰੀ ਤਖਤ ਮਲ, ਜੱਸਾ ਸਿੰਘ ਕੱਦਗਿਲ, ਸਰਵਨ ਸਿੰਘ ਚੂੰਗ, ਮੇਹਰ ਸਿੰਘ ਚੁਤਾਲਾ, ਮਨਜੀਤ ਸਿੰਘ ਬੱਗੂ ਆਦਿ ਸ਼ਾਮਲ ਸਨ। ਕਿਸਾਨ ਆਗੂ ਹਰਮੀਤ ਸਿੰਘ ਸੰਧੂ ਨੇ ਕਿਹਾ ਕਿ ਮਿੱਲ ਦੇ 19 ਸਾਲ ਦੇ ਕਰੀਬ ਤੋਂ ਬੰਦ ਕਰ ਦੇਣ ਨਾਲ ਮਿਲ ਦੀ ਮਸ਼ੀਨਰੀ ਨੂੰ ਪੂਰੀ ਤਰ੍ਹਾਂ ਨਾਲ ਜੰਗਾਲ ਲੱਗ ਗਿਆ ਹੈ|
ਮਿੱਲ ਦੇ ਸੈਂਕੜੇ ਮੁਲਾਜ਼ਮਾਂ ਤੋਂ ਰੁਜ਼ਗਾਰ ਖੁੱਸ ਚੁੱਕਾ ਹੈ| ਉਨ੍ਹਾਂ ਕਿਹਾ ਕਿ ਮਿੱਲ ਦੀ ਮਾਲਕੀ ਵਾਲੀ ਕਰੀਬ 100 ਏਕੜ ਜ਼ਮੀਨ ਬੇਕਾਰ ਪਈ ਹੈ, ਜਿਸ ਨਾਲ ਅੱਜ ਤੱਕ ਸਰਕਾਰ ਦੇ ਖਜ਼ਾਨੇ ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋ ਚੁੱਕਾ ਹੈ| ਵਫ਼ਦ ਨੇ ਚਿਤਾਵਨੀ ਦਿੱਤੀ ਕਿ ਮਿੱਲ ਦੇ ਤੁਰੰਤ ਚਾਲੂ ਨਾ ਕੀਤੇ ਜਾਣ ’ਤੇ ਇਲਾਕੇ ਦੇ ਕਿਸਾਨ ਤਰਨ ਤਾਰਨ ਦੀ ਜ਼ਿਮਨੀ ਚੋਣ ਦੌਰਾਨ ਸਰਕਾਰ ਦੇ ਖਿਲਾਫ਼ ਫਤਵਾ ਦੇਣਗੇ|

