ਡੀਸੀ ਵੱਲੋਂ ਚੱਬੇਵਾਲ ਦੇ ਹੜ੍ਹ ਪ੍ਰਭਾਵਿਤ ਇਲਾਕੇ ਦਾ ਦੌਰਾ
ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੇ ਅਧਿਕਾਰੀਆਂ ਸਮੇਤ ਬੀਤੀ ਦੇਰ ਰਾਤ ਚੱਬੇਵਾਲ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਹਾਰਟਾ, ਬਡਲਾ ਦਾ ਦੌਰਾ ਕੀਤਾ ਅਤੇ ਉੱਥੇ ਹੋਏ ਨੁਕਸਾਨ ਦਾ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਪ੍ਰਭਾਵਿਤ ਲੋਕਾਂ ਦੇ ਨੁਕਸਾਨ ਦਾ ਗੰਭੀਰਤਾ ਅਤੇ ਤਰਜੀਹ ਨਾਲ ਮੁਲਾਂਕਣ ਕੀਤਾ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਾਰੇ ਸਕੂਲਾਂ, ਆਂਗਣਵਾੜੀ ਕੇਂਦਰਾਂ, ਹਸਪਤਾਲਾਂ, ਜਨਤਕ ਇਮਾਰਤਾਂ ਅਤੇ ਨਿੱਜੀ ਘਰਾਂ ਦਾ ਤਕਨੀਕੀ ਤੌਰ ’ਤੇ ਨਿਰੀਖਣ ਕੀਤਾ ਜਾਵੇਗਾ ਅਤੇ ਜੇਕਰ ਉਹ ਢਾਂਚਾਗਤ ਤੌਰ ’ਤੇ ਪ੍ਰਮਾਣਿਤ ਹੋਣਗੇ ਤਾਂ ਹੀ ਮੁੜ ਵਰਤੋਂ ਲਈ ਸੁਰੱਖਿਅਤ ਐਲਾਨੇ ਜਾਣਗੇ। ਉਨ੍ਹਾਂ ਹਦਾਇਤ ਕੀਤੀ ਕਿ ਸਾਰੇ ਐੱਸ.ਡੀ.ਐਮਜ਼ ਸਬੰਧਤ ਵਿਭਾਗਾਂ ਨਾਲ ਤਾਲਮੇਲ ਯਕੀਨੀ ਬਣਾਉਣ ਅਤੇ ਸਮੱਸਿਆਵਾਂ ਦਾ ਮੌਕੇ ’ਤੇ ਹੱਲ ਕਰਨ ਲਈ ਰੋਜ਼ਾਨਾ ਸਮੀਖਿਆ ਮੀਟਿੰਗਾਂ ਕਰਨ। ਜ਼ਿਲ੍ਹਾ ਸਿੱਖਿਆ ਅਧਿਕਾਰੀ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਸਾਰੀਆਂ ਸਕੂਲ ਪ੍ਰਬੰਧਨ ਕਮੇਟੀਆਂ, ਪੰਚਾਇਤਾਂ ਅਤੇ ਲੋਕ ਨਿਰਮਾਣ ਵਿਭਾਗ ਦੀ ਤਕਨੀਕੀ ਸਹਾਇਤਾ ਨਾਲ ਸਕੂਲ ਇਮਾਰਤਾਂ ਦਾ ਸੁਰੱਖਿਆ ਆਡਿਟ ਪੂਰਾ ਕਰਨ। ਸਾਰੀਆਂ ਸਾਂਝੀਆਂ ਟੀਮਾਂ ਤੁਰੰਤ ਕੰਮ ਸ਼ੁਰੂ ਕਰਨ ਅਤੇ 7 ਦਿਨਾਂ ਦੇ ਅੰਦਰ ਜ਼ਿਲ੍ਹਾ ਦਫ਼ਤਰ ਨੂੰ ਮੁੱਢਲੀ ਰਿਪੋਰਟ ਜਮ੍ਹਾਂ ਕਰਾਉਣ। ਡਿਪਟੀ ਕਮਿਸ਼ਨਰ ਨੇ ਬਿਆਸ ਦਰਿਆ ਵਿੱਚ ਹੋ ਰਹੇ ਕਟਾਅ ਬਾਰੇ ਵੀ ਚਿੰਤਾ ਪ੍ਰਗਟ ਕੀਤੀ। ਉਨ੍ਹਾਂ ਕਿਹਾ ਕਿ ਦਰਿਆ ਦੇ ਕੁਦਰਤੀ ਵਹਾਅ ਵਿੱਚ ਵਿਘਨ ਪਿਆ ਹੈ ਜਿਸ ਕਾਰਨ ਸ਼੍ਰੀ ਹਰਗੋਬਿੰਦਪੁਰ (ਰੜ੍ਹਾ) ਪੁਲ ਦੇ ਨੇੜੇ ਬੰਨ੍ਹ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਸ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਨੇ ਜਲ ਸਰੋਤ ਵਿਭਾਗ ਦੇ ਪ੍ਰਮੁੱਖ ਸਕੱਤਰ ਨੂੰ ਇੱਕ ਪ੍ਰਸਤਾਵ ਭੇਜਿਆ ਹੈ।
ਪਿੰਡਾਂ ਦੇ ਆਪਸੀ ਸੰਪਰਕ ਟੁੱਟੇ
ਸ਼ਾਹਕੋਟ (ਪੱਤਰ ਪ੍ਰੇਰਕ): ਹੜ੍ਹ ਅਤੇ ਲਗਾਤਾਰ ਪਏ ਮੀਂਹ ਨਾਲ ਇਲਾਕੇ ਦੀਆਂ ਸੰਪਰਕ ਸੜਕਾਂ ਦੇ ਟੁੱਟਣ ਕਾਰਨ ਕਈ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ ਹੈ। ਚਿੱਟੀ ਵੇਈਂ ਦੇ ਹੜ੍ਹ ਨਾਲ ਕੰਗ ਖੁਰਦ ਤੋਂ ਮਹਿਰਾਜਵਾਲਾ ਤੱਕ ਜਾਂਦੀ ਸੰਪਰਕ ਸੜਕ ਵਿੱਚ ਕਈ ਫੁੱਟ ਲੰਬਾ ਪੈੜ ਗਿਆ। ਸੜਕ ਵਿੱਚ ਪਏ ਪਾੜ ਨਾਲ ਦਰਿਆ ਧੁੱਸੀ ਬੰਨ੍ਹ ਅਤੇ ਅਗਲੇ ਪਿੰਡਾਂ ਤੱਕ ਜਾਣ ਦਾ ਆਪਸੀ ਰਸਤਾ ਕੱਟਿਆ ਗਿਆ। ਇਸੇ ਤਰ੍ਹਾਂ ਲੋਹੀਆਂ ਤੋਂ ਸਿੱਧਪੁਰ, ਲੋਹੀਆਂ ਤੋਂ ਮਲਸੀਆਂ ਵਾਇਆ ਫੁੱਲ, ਨਵਾਂ ਪਿੰਡ ਖਾਲੇਵਾਲ ਤੋਂ ਮੱਖੀ, ਪਿੰਡ ਕੋਟਲੀ ਗਾਜਰਾਂ ਤੋਂ ਸ਼ਾਹਕੋਟ, ਮਾਲੂਪੁਰ ਤੋਂ ਬਿੱਲੀ ਵੜੈਚ, ਮਾਲ੍ਹਾ, ਰਾਈਵਾਲ, ਚੱਕ ਚੇਲਾ, ਚਾਚੋਵਾਲ ਅਤੇ ਸੋਹਲ ਖਾਲਸਾ ਨੂੰ ਆਪਸ ਵਿੱਚ ਮਿਲਾਉਣ ਵਾਲੀਆਂ ਸੰਪਰਕ ਸੜਕਾਂ ਵਿੱਚ ਵੱਡੇ ਪਾੜ ਪੈਣ ਨਾਲ ਇਨ੍ਹਾਂ ਪਿੰਡਾਂ ਦਾ ਆਪਸੀ ਸੰਪਰਕ ਟੁੱਟ ਗਿਆ।