ਕਲਾ ਉਤਸਵ ਮੁਕਾਬਲੇ ’ਚ ਡੀਏਵੀ ਸਕੂਲ ਦਾ ਸ਼ਾਨਦਾਰ ਪ੍ਰਦਰਸ਼ਨ
ਇੱਥੇ ਸੁਸ਼ੀਲਾਵੱਤੀ ਜਗਦੀਸ਼ ਚੰਦਰ ਡੀਏਵੀ (ਐਸਵੀਜੇਸੀਡੀਏਵੀ) ਪਬਲਿਕ ਸਕੂਲ ਦਸੂਹਾ ਦੇ ਵਿਦਿਆਰਥੀਆਂ ਨੇ ਹੁਸ਼ਿਆਰਪੁਰ ਵਿੱਚ ਕਰਵਾਏ ਜ਼ਿਲ੍ਹਾ ਪੱਧਰੀ ਕਲਾ ਉਤਸਵ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਮੁਕਾਬਲਿਆਂ ਵਿੱਚ ਟੂ.ਡੀ ਆਰਟ, ਥਰੀ.ਡੀ ਆਰਟ, ਥੀਏਟਰ, ਸੋਲੋ ਗੀਤ, ਗਰੁੱਪ ਸਾਂਗ, ਸਟੋਰੀ ਟੈਲਿੰਗ ਤੇ ਗੀਤ-ਸੰਗੀਤ ਆਦਿ ਸ਼ਾਮਲ ਸਨ, ਜਿਨ੍ਹਾਂ ਵਿੱਚ ਸਕੂਲ ਦੇ ਵਿਦਿਆਰਥੀਆਂ ਨੇ ਪ੍ਰਿੰਸੀਪਲ ਰਸ਼ਮੀ ਮੈਂਗੀ ਦੀ ਅਗਵਾਈ ਹੇਠ ਹਿੱਸਾ ਲਿਆ ਤੇ ਆਪਣੇ ਹੁਨਰ ਦਾ ਬਾਖੂਬੀ ਪ੍ਰਦਰਸ਼ਨ ਕੀਤਾ। ਪ੍ਰਿੰਸੀਪਲ ਰਸ਼ਮੀ ਮੈਂਗੀ ਨੇ ਦੱਸਿਆ ਕਿ ਥੀਏਟਰ ਗਰੁੱਪ ਮੁਕਾਬਲਿਆਂ ਵਿੱਚ 6 ਸਕੂਲਾਂ ਦੇ ਵਿਦਿਆਰਥੀਆਂ ਨੇ ਭਾਗ ਲਿਆ ਜਿਨ੍ਹਾਂ ਵਿੱਚੋਂ ਉਨ੍ਹਾਂ ਦੇ ਸਕੂਲ ਦੇ ਵਿਦਿਆਰਥੀਆਂ ਨੇ ਦੂਸਰਾ ਸਥਾਨ ਹਾਸਲ ਕੀਤਾ। ਇਸੇ ਤਰ੍ਹਾਂ ਮਿਊਜ਼ਿਕ ਇੰਸਟ੍ਰੂਮੈਂਟ ਮੁਕਾਬਲਿਆਂ ਵਿੱਚ ਵੀ ਸਕੂਲ ਨੇ ਦੂਜਾ ਸਥਾਨ ਹਾਸਲ ਕੀਤਾ। ਪ੍ਰਿੰਸੀਪਲ ਵੱਲੋਂ ਜੇਤੂ ਵਿਦਿਆਰਥੀਆਂ ਨੂੰ ਸਨਮਾਨਿਤ ਕਰਦਿਆ ਉਨਾਂ ਦੇ ਮਾਪਿਆਂ ਅਤੇ ਅਧਿਆਪਕਾਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦੀ ਪ੍ਰਤਿਭਾ ਵਿੱਚ ਨਿਖਾਰ ਲਿਆਉਂਦੇ ਹਨ।