ਬਿਆਸ-ਸਤੁਲਜ ਦਰਿਆ ਦੇ ਸੰਗਮ ਨੇੜੇ ਵੀ ਖ਼ਤਰਾ ਵਧਿਆ
ਬਿਆਸ-ਸਤੁਲਜ ਦਰਿਆ ਦੇ ਸੰਗਮ ਵਾਲੇ ਥਾਂ ਹਰੀਕੇ ਹੈੱਡ ਵਰਕਸ ਨੇੜੇ ਅੱਜ ਅਚਾਨਕ ਸਤਲੁਜ ਦਰਿਆ ਵਿੱਚ ਸਾਲ ਪਹਿਲਾਂ ਮੋਟੇ ਪੱਥਰਾਂ ਨੂੰ ਲੋਹੇ ਦੀਆਂ ਤਾਰਾਂ ਨਾਲ ਬੰਨ੍ਹ ਕੇ ਕਿਨਾਰਾ ਮਜ਼ਬੂਤ ਕਰਨ ਲਈ ਲਾਈ ਰੋਕ ਨੂੰ ਦਰਿਆ ਦੇ ਪਾਣੀ ਨੇ ਢਾਹ ਲਾਈ। ਇਸ ਕਾਰਨ ਇਲਾਕੇ ਅੰਦਰ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ। ਕੈਬਨਿਟ ਮੰਤਰੀ ਪੰਜਾਬ ਲਾਲਜੀਤ ਸਿੰਘ ਭੁੱਲਰ ਅੱਜ ਵਿਧਾਨ ਸਭਾ ਹਲਕਾ ਪੱਟੀ ਦੇ ਦਰਿਆ ਸਤਲੁਜ ਨਾਲ ਲੱਗਦੇ ਪਿੰਡਾਂ ਵਿੱਚ ਦਰਿਆਈ ਪਾਣੀ ਨਾਲ ਪ੍ਰਭਾਵਿਤ ਇਲਾਕਿਆਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਲੋਕਾਂ ਨੂੰ ਰਾਹਤ ਸਮਗਰੀ ਦੀ ਵੰਡ ਕੀਤੀ|
ਇਸ ਤੋਂ ਪਹਿਲਾਂ ਸਤਲੁਜ ਦਰਿਆ ਦੇ ਘੇਰੇ ਦੇ ਪਿੰਡ ਸਭਰਾ ਨੇੜੇ ਦਰਿਆ ਦੇ ਕੰਢਿਆਂ ਨੂੰ ਪਾਣੀ ਦੀ ਢਾਹ ਤੋਂ ਬਚਾਉਣ ਲਈ ਇਲਾਕੇ ਦੇ ਵੱਡੀ ਗਿਣਤੀ ਕਿਸਾਨਾਂ ਤੋਂ ਇਲਾਵਾ ਕਾਰ ਸੇਵਾ ਸੰਪਰਦਾਇ ਸਰਹਾਲੀ ਦੇ ਸੇਵਾਦਾਰਾਂ ਵੱਲੋਂ ਬੰਨ੍ਹ ਮਜ਼ਬੂਤ ਕੀਤੇ ਜਾਣ ਦੀ ਕਾਰਵਾਈ ਜਾਰੀ ਹੈ| ਡਿਪਟੀ ਕਮਿਸ਼ਨਰ ਰਾਹੁਲ ਨੇ ਅੱਜ ਦੱਸਿਆ ਕਿ ਸਤੁਲਜ ਦਰਿਆ ਵਿੱਚ ਪਾਣੀ ਖ਼ਤਰੇ ਦੇ ਨਿਸ਼ਾਨ ਨੂੰ ਪਹਿਲਾਂ ਦਾ ਹੀ ਪਾਰ ਕਰ ਚੁੱਕਾ ਹੈ| ਡੀਸੀ ਨੇ ਕਿਹਾ ਕਿ ਰੋਕ ਦੀ ਮੁਰੰਮਤ ਕੀਤੇ ਜਾਣ ਦਾ ਕੰਮ ਜਾਰੀ ਹੈ, ਚਿੰਤਾ ਦੀ ਕੋਈ ਗੱਲ ਨਹੀਂ ਹੈ|
ਇਸ ਪੈਦਾ ਹੋਈ ਸਥਿਤੀ ਨੇ ਹਰੀਕੇ ਤੋਂ ਇਲਾਵਾ ਸਤਲੁਜ ਦਰਿਆ ਦੇ ਘੇਰੇ ਦੇ ਪਿੰਡ ਘੜੂੰਮ, ਕੁੱਤੀਵਾਲਾ, ਸਭਰਾ, ਡੂਮਣੀਵਾਲਾ, ਜੱਲੋਕੇ, ਸੀਤੋ-ਮਹਿ-ਝੁੱਗੀਆਂ, ਝੁੱਗੀਆਂ ਪੀਰਬਖਸ਼, ਰਾਧਲਕੇ, ਕੋਟ ਬੁੱਢਾ, ਰਸੂਲਪੁਰ, ਤੂਤ ਆਦਿ ਪਿੰਡਾਂ ਦੇ ਬਾਸ਼ਿਦਿਆਂ ਦਾ ਫ਼ਿਕਰ ਵਧਾ ਦਿੱਤਾ ਹੈ। ਸਭਰਾ ਵਾਸੀ ਗੁਰਪ੍ਰੀਤ ਸਿੰਘ ਨੇ ਕਿਹਾ ਕਿ ਇਲਾਕੇ ਦੇ ਕਿਸਾਨ ਨੂੰ ਤਾਂ ਅਜੇ ਤੱਕ 2023 ਦੇ ਹੜ੍ਹਾਂ ਦੀ ਮਾਰ ਤੋਂ ਹੀ ਰਾਹਤ ਨਹੀਂ ਸੀ ਮਿਲ ਸਕੀ|