ਜੰਗ ਬਹਾਦਰ ਸਿੰਘ ਸੇਖੋਂ
ਗੜ੍ਹਸ਼ੰਕਰ, 7 ਜੁਲਾਈ
ਪਿੰਡ ਰਾਮਪੁਰ ਬਿਲੜੋਂ ਦੀ ਪੰਚਾਇਤ ਵੱਲੋਂ ਆਪਣੇ ਜੰਗਲੀ ਰਕਬੇ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਚਾਲਕਾਂ ਨੂੰ ਦਿੱਤਾ ਨਾਜਾਇਜ਼ ਲਾਂਘਾ ਇਸ ਰਸਤੇ ਨੇੜੇ ਪੈਂਦੇ ਕੁਝ ਜ਼ਮੀਨ ਮਾਲਕਾਂ ਵੱਲੋਂ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਚਾਲਕਾਂ ਵੱਲੋਂ ਜਬਰਦਸਤੀ ਮੁੜ ਖੋਲ੍ਹ ਦਿੱਤਾ ਗਿਆ ਹੈ। ਦੱਸਣਾ ਬਣਦਾ ਹੈ ਕਿ ਨੇੜਲੇ ਜ਼ਮੀਨ ਮਾਲਕਾਂ ਵਲੋਂ ਜੰਗਲਾਤ ਵਿਭਾਗ , ਪੰਚਾਇਤ ਵਿਭਾਗ ਅਤੇ ਮਾਲ ਮਹਿਕਮੇ ਨੂੰ ਅਨੇਕਾਂ ਸ਼ਿਕਾਇਤਾਂ ਕਰਨ ਦੇ ਬਾਵਜੂਦ ਇਸ ਨਾਜਾਇਜ਼ ਰਸਤੇ ਨੂੰ ਬੰਦ ਕਰਨ ਦੀ ਕੋਈ ਕਾਰਵਾਈ ਨਹੀਂ ਕੀਤੀ ਗਈ ਜਿਸ ਤੋਂ ਪ੍ਰੇਸ਼ਾਨ ਜ਼ਮੀਨ ਮਾਲਕਾਂ ਨੇ ਇਸ ਰਸਤੇ ਨੂੰ ਬੰਦ ਕਰ ਦਿੱਤਾ ਸੀ ਪਰ ਹੁਣ ਪੰਚਾਇਤ ਵਿਭਾਗ ਦੀ ਕਥਿਤ ਮਿਲੀਭੁਗਤ ਨਾਲ ਕਰੱਸ਼ਰ ਚਾਲਕਾਂ ਨੇ ਮੁੜ ਇਸ ਲਾਂਘੇ ਨੂੰ ਜਬਰਦਸਤੀ ਖੋਲ੍ਹ ਲਿਆ ਹੈ ਅਤੇ ਭਾਰੀ ਵਾਹਨਾਂ ਦੀ ਆਵਾਜਾਈ ਮੁੜ ਸ਼ੁਰੂ ਕਰ ਦਿੱਤੀ ਹੈ।
ਇਸ ਮੌਕੇ ਜ਼ਮੀਨ ਮਾਲਕ ਇੰਦਰਪਾਲ ਸਿੰਘ ਨੇ ਦੱਸਿਆ ਕਿ ਪਿੰਡ ਰਾਮਪੁਰ ਦੀ ਪੰਚਾਇਤ ਵੱਲੋਂ ਸਾਡੀ ਜ਼ਮੀਨ ਨੇੜੇ ਪੈਂਦੇ ਪੰਚਾਇਤ ਦੇ ਜੰਗਲੀ ਰਕਬੇ ਵਿੱਚੋਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਚਾਲਕਾਂ ਨੂੰ ਨਾਜਾਇਜ਼ ਰਸਤਾ ਦਿੱਤਾ ਹੋਇਆ ਹੈ। ਇਹ ਕਰੱਸ਼ਰ ਚਾਲਕ ਇਸ ਰਸਤੇ ਤੋਂ ਅੱਗੇ ਜਬਰਦਸਤੀ ਲੋਕਾਂ ਦੀਆਂ ਨਿੱਜੀ ਜ਼ਮੀਨਾਂ ਵਿਚੋਂ ਆਪਣੇ ਟਿੱਪਰ ਲੰਘਾ ਕੇ ਇਲਾਕੇ ਦਾ ਭਾਰੀ ਨੁਕਸਾਨ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਉਹ ਇਸ ਥਾਂ ਦੀ ਦੋ ਵਾਰ ਪੈਮਾਇਸ਼ ਕਰਵਾ ਚੁੱਕੇ ਹਨ ਅਤੇ ਮਾਲ ਮਹਿਕਮੇ ਦੇ ਅਧਿਕਾਰੀਆਂ ਵਲੋਂ ਇਸ ਜ਼ਮੀਨ ’ਤੇ ਉਨ੍ਹਾਂ ਦੀ ਮਾਲਕੀ ਦਰਸਾ ਕੇ ਬੁਰਜੀਆਂ ਵੀ ਲਗਾਈਆਂ ਗਈਆਂ ਹਨ ਜੋ ਕਰੱਸ਼ਰ ਚਾਲਕਾਂ ਵੱਲੋਂ ਪੁੱਟ ਕੇ ਮੁੜ ਇਸ ਰਸਤੇ ਨੂੰ ਚਾਲੂ ਕਰ ਲਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਸਬੰਧੀ ਡਿਪਟੀ ਕਮਿਸ਼ਨਰ ਹੁਸ਼ਿਆਰਪੁਰ ਨੂੰ ਵੀ ਸ਼ਿਕਾਇਤ ਭੇਜੀ ਗਈ ਹੈ ਪਰ ਕਰੱਸ਼ਰ ਮਾਫੀਆ ’ਤੇ ਕੋਈ ਲਗਾਮ ਨਹੀਂ ਲੱਗ ਰਹੀ ਅਤੇ ਕਰੱਸ਼ਰ ਮਾਫੀਆ ਸਰਕਾਰੀ ਸਰਪਰਸਤੀ ਹੇਠ ਧੱਕੇ ਨਾਲ ਜ਼ਮੀਨ ਮਾਲਕਾਂ ਦੀਆਂ ਜ਼ਮੀਨਾਂ ਵਿਚੋਂ ਨਾਜਾਇਜ਼ ਖਣਨ ਨਾਲ ਭਰੇ ਵਾਹਨ ਕੱਢ ਰਿਹਾ ਹੈ।
ਇਸ ਮੌਕੇ ਕਾਮਰੇਡ ਮਹਿੰਦਰ ਸਿੰਘ ਬੱਢੋਆਣ, ਮਨਜੀਤ ਝੱਲੀ ਅਤੇ ਸਮਾਜ ਸੇਵੀ ਸੁਖਵਿੰਦਰ ਸਿੰਘ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਰਾਮਪੁਰ ਦੀ ਪੰਚਾਇਤ ਵੱਲੋਂ ਹਿਮਾਚਲ ਪ੍ਰਦੇਸ਼ ਦੇ ਕਰੱਸ਼ਰ ਚਾਲਕਾਂ ਨੂੰ ਦਿੱਤੇ ਲਾਂਘੇ ਨਾਲ ਸ਼ਿਵਾਲਕ ਦੇ ਜੰਗਲਾਂ ਦੀ ਵੱਡੀ ਪੱਧਰ ’ਤੇ ਤਬਾਹੀ ਹੋ ਰਹੀ ਹੈ ਜਦਕਿ ਮਾਲ ਮਹਿਕਮੇ ਦੇ ਕਾਗਜ਼ਾਂ ਵਿੱਚ ਇਹ ਰਸਤਾ ਕੋਈ ਹੋਂਦ ਨਹੀਂ ਰੱਖਦਾ। ਹੁਣ ਨਾਜਾਇਜ਼ ਤੌਰ ’ਤੇ ਚਲਾਏ ਜਾਂਦੇ ਇਸ ਰਾਹ ਨਾਲ ਦੋ ਰਾਜਾਂ ਵਿਚਕਾਰ ਨਸ਼ੇ, ਲੱਕੜ ਅਤੇ ਖਣਨ ਸਮੱਗਰੀ ਦੀ ਤਸਕਰੀ ਹੋ ਰਹੀ ਹੈ। ਖਣਨ ਸਮੱਗਰੀ ਨਾਲ ਭਰੇ ਓਵਰਲੋਡਡ ਟਿੱਪਰ ਇਲਾਕੇ ਦੀਆਂ ਲਿੰਕ ਸੜਕਾਂ ਦੀ ਬਰਬਾਦੀ ਕਰ ਰਹੇ ਹਨ ਅਤੇ ਕੰਢੀ ਨਹਿਰ ਦੀ ਪਟੜੀ ਵੀ ਖਣਨ ਦੇ ਵਾਹਨਾਂ ਨਾਲ ਹੇਠਾਂ ਧਸ ਚੁੱਕੀ ਹੈ। ਇਸ ਬਾਰੇ ਬੀਡੀਪੀਓ ਮਨਜਿੰਦਰ ਕੌਰ ਨੇ ਕਿਹਾ ਕਿ ਉਕਤ ਰਸਤਾ ਜ਼ਮੀਨ ਮਾਲਕਾਂ ਨੇ ਬੰਦ ਕਰ ਦਿੱਤਾ ਸੀ ਅਤੇ ਇਸ ਰਸਤੇ ਬਾਰੇ ਇਕ ਰਿਪੋਰਟ ਉੱਚ ਅਧਿਕਾਰੀਆਂ ਨੂੰ ਭੇਜੀ ਜਾ ਚੁੱਕੀ ਹੈ। ਹੁਣ ਦੁਬਾਰਾ ਰਸਤਾ ਚਾਲੂ ਹੋਣ ਬਾਰੇ ਉਹ ਕੁਝ ਨਹੀਂ ਜਾਣਦੇ।