ਬਿਜਲੀ ਸੋਧ ਬਿੱਲ ਖ਼ਿਲਾਫ਼ ਪੁਤਲੇ ਫੂਕਣ ਦਾ ਐਲਾਨ
ਗੰਨੇ ਦੇ ਬਕਾਏ ਲੲੀ ਲੱਗੇਗਾ ਮੋਰਚਾ; ਦੇਵੀਦਾਸਪੁਰਾ ਵਿੱਚ ਕਿਸਾਨ ਮਜ਼ਦੂਰ ਮੋਰਚੇ ਦੀ ਕਨਵੈਨਸ਼ਨ
ਕਿਸਾਨ ਮਜ਼ਦੂਰ ਮੋਰਚਾ ਵੱਲੋਂ ਦੇਵੀਦਾਸਪੁਰਾ ਵਿੱਚ 5 ਜ਼ੋਨਾਂ ਦੀ ਕਨਵੈਨਸ਼ਨ ਕੀਤੀ ਜਿਸ ਵਿੱਚ ਸੈਂਕੜੇ ਕਿਸਾਨ-ਮਜ਼ਦੂਰ ਸ਼ਾਮਲ ਹੋਏ। ਸੂਬਾ ਆਗੂ ਜਰਮਨਜੀਤ ਸਿੰਘ ਬੰਡਾਲਾ ਅਤੇ ਗੁਰਬਚਨ ਸਿੰਘ ਚੱਬਾ ਨੇ ਕਿਹਾ ਕਿ ਡੀ ਏ ਪੀ ਦਾ ਸੰਕਟ ਹੱਲ ਕਰਵਾਉਣ, ਕਰਜ਼ਾ ਮੁਕਤੀ ਤੇ ਐੱਮ ਐੱਸ ਪੀ ਦੀ ਕਾਨੂੰਨੀ ਗਾਰੰਟੀ ਲਈ ਸੰਘਰਸ਼ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਬਿਜਲੀ ਸੋਧ ਬਿੱਲ ਖ਼ਿਲਾਫ਼ ਕੇਂਦਰ ਅਤੇ ਪੰਜਾਬ ਸਰਕਾਰ ਦੀ ਅਰਥੀ ਫੂਕੀ ਗਈ। ਆਗੂਆਂ ਨੇ ਕਿਹਾ ਕੇਂਦਰ ਵੱਲੋਂ ਪੰਜਾਬ ਯੂਨੀਵਰਸਿਟੀ ਨੂੰ ਪੰਜਾਬ ਕੋਲੋਂ ਖੋਹਣ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਸ ਖ਼ਿਲਾਫ਼ ਵਿਦਿਆਰਥੀਆਂ ਦੇ ਸੱਦੇ ’ਤੇ 10 ਨਵੰਬਰ ਨੂੰ ਪੀ ਯੂ ਦੇ ਇੱਕਠ ਵਿੱਚ ਵੱਡੀ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ 14 ਨਵੰਬਰ ਨੂੰ ਕੌਮੀ ਇਨਸਾਫ਼ ਦੇ ਦਿੱਲੀ ਵਿੱਚ ਇਨਸਾਫ਼ ਮਾਰਚ ਦੇ ਸੱਦੇ ਦਾ ਸਮਰਥਨ ਕੀਤਾ ਜਾਵੇਗਾ ਅਤੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਉਨ੍ਹਾਂ ਕਿਹਾ ਬਿਜਲੀ ਸੋਧ ਬਿੱਲ ਖ਼ਿਲਾਫ਼ 15, 16, 17 ਨਵੰਬਰ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਖ਼ਿਲਾਫ਼ ਪੰਜਾਬ ਭਰ ਵਿੱਚ ਪਿੰਡ ਪੱਧਰੀ ਪੁਤਲਾ ਫੂਕ ਮੁਜ਼ਾਹਰੇ ਕੀਤੇ ਜਾਣਗੇ ਤੇ 18 ਨਵੰਬਰ ਨੂੰ ਗੰਨੇ ਦੇ ਕਰੋੜਾਂ ਰੁਪਏ ਦੇ ਬਕਾਏ ਲਈ ਡੀਸੀ ਜਲੰਧਰ ਅੱਗੇ ਮੋਰਚਾ ਸ਼ੁਰੂ ਕੀਤਾ ਜਾਵੇਗਾ। ਜੇਕਰ ਮਸਲੇ ਦਾ ਹੱਲ ਨਹੀਂ ਹੁੰਦਾ ਤਾਂ 21 ਨਵੰਬਰ ਨੂੰ ਜਲੰਧਰ-ਦਿੱਲੀ ਹਾਈਵੇਅ ਜਾਮ ਕੀਤਾ ਜਾਵੇਗਾ। ਉਨ੍ਹਾਂ ਕਿਹਾ 10 ਦਸੰਬਰ ਨੂੰ ਪ੍ਰੀਪੇਡ ਮੀਟਰ ਉਖਾੜ ਕੇ ਬਿਜਲੀ ਵਿਭਾਗ ਦਫਤਰਾਂ ਵਿੱਚ ਜਮ੍ਹਾਂ ਕਰਵਾਏ ਜਾਣਗੇ, ਦਸੰਬਰ 17, 18 ਨੂੰ ਸ਼ੰਭੂਤੇ ਖਨੌਰੀ ਮੋਰਚੇ ‘ਤੇ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਨੁਕਸਾਨ ਦੀ ਭਰਪਾਈ ਅਤੇ ਬਿਜਲੀ ਸੋਧ ਬਿੱਲ 2025 ਨੂੰ ਵਾਪਸ ਕਰਵਾਉਣ ਸਮੇਤ ਹੋਰ ਜ਼ਰੂਰੀ ਮਸਲਿਆਂ ਨੂੰ ਲੈ ਕੇ ਪੰਜਾਬ ਭਰ ਦੇ ਡੀ ਸੀ ਦਫ਼ਤਰਾਂ ਅੱਗੇ ਧਰਨੇ ਦਿੱਤੇ ਜਾਣਗੇ। ਜੇਕਰ ਮਸਲਾ ਹੱਲ ਨਹੀਂ ਕੀਤਾ ਜਾਂਦਾ ਤਾਂ 19 ਦਸੰਬਰ ਨੂੰ ਰੇਲ ਰੋਕੋ ਮੋਰਚਾ ਲਗਾਇਆ ਜਾਵੇਗਾ।

