ਫਾਸ਼ੀ ਹੱਲਿਆਂ ਤੇ ਪੁਲੀਸ ਜਬਰ ਖ਼ਿਲਾਫ਼ ਕਨਵੈਨਸ਼ਨ
ਇੱਥੇ ਅੱਜ ਸ਼ਹੀਦ ਮਲਕੀਤ ਚੰਦ ਮੇਹਲੀ ਭਵਨ ਵਿੱਚ ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਵੱਲੋਂ ਦੇਸ਼ ਅੰਦਰ ਵਧ ਰਹੇ ਫਾਸ਼ੀ ਹੱਲਿਆਂ ਅਤੇ ਪੰਜਾਬ ’ਚ ਵਧ ਰਹੇ ਪੁਲੀਸ ਜਬਰ ਖ਼ਿਲਾਫ਼ ਕਨਵੈਨਸ਼ਨ ਕੀਤੀ ਗਈ। ਕਨਵੈਨਸ਼ਨ ਦੀ ਪ੍ਰਧਾਨਗੀ ਕਾਮਰੇਡ ਨਰੰਜਣ ਦਾਸ, ਕਾਮਰੇਡ ਹਰਪਾਲ ਸਿੰਘ ਜਗਤ ਪੁਰ ਤੇ ਕਾਮਰੇਡ ਕਮਲਜੀਤ ਸਨਾਵਾ ਨੇ ਕੀਤੀ। ਆਰਐੱਮਪੀਆਈ ਪੰਜਾਬ ਦੇ ਸੂਬਾ ਸਕੱਤਰ ਕਾਮਰੇਡ ਪਰਗਟ ਸਿੰਘ ਜਾਮਾਰਾਏ, ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ ਦੇ ਆਗੂ ਕੁਲਵਿੰਦਰ ਸਿੰਘ ਵੜੈਚ,ਸੀਪੀਆਈ ਦੇ ਆਗੂਆਂ ਕਾਮਰੇਡ ਦੇਵੀ ਕੁਮਾਰੀ ਤੇ ਕਾਮਰੇਡ ਪਰਮਿੰਦਰ ਮੇਨਕਾ ਨੇ ਕਿਹਾ ਕਿ ਮੋਦੀ ਹਕੂਮਤ ਚੌਤਰਫਾ ਫਾਸ਼ੀ ਹੱਲੇ ਬੋਲ ਕੇ ਜਰਮਨ ਦੇ ਅਡੌਲਫ ਹਿਟਲਰ, ਇਟਲੀ ਦੇ ਮੋਸੋਲੀਨੀ ਅਤੇ ਜਪਾਨ ਦੇ ਤੋਜੋ ਫਾਸ਼ੀਵਾਦੀਆਂ ਦੇ ਰਾਹ ਉੱਤੇ ਚੱਲ ਪਈ ਹੈ।
ਕਨਵੈਨਸ਼ਨ ਦੌਰਾਨ ਐੱਨਆਈਏ ਖਤਮ ਕਰਨ, ਪਹਿਲੇ ਕਿਰਤ ਕਾਨੂੰਨ ਬਹਾਲ ਕਰਨ, ਨਵੇਂ ਫੌਜਦਾਰੀ ਕਾਨੂੰਨ ਰੱਦ ਕਰਨ, ਛੱਤੀਸਗੜ੍ਹ ਵਿਚ ਫੌਜ ਦੀ ਅਭਿਆਸ ਰੇਂਜ ਦਾ ਫੈਸਲਾ ਰੱਦ ਕਰਨ, ਜੇਲ੍ਹਾਂ ਵਿਚ ਬੰਦ ਬੁੱਧੀਜੀਵੀ ਰਿਹਾਅ ਕਰਨ, ਸਜ਼ਾ ਪੂਰੀ ਕਰ ਚੁੱਕੇ ਸਾਰੇ ਕੈਦੀ ਰਿਹਾਅ ਕਰਨ, ਪਾਵਰਕੌਮ ਪੰਜਾਬ ਦੇ ਹੜਤਾਲੀ ਕਰਮਚਾਰੀਆਂ ਉੱਤੇ ਅਤੇ ਪੀਜੀਆਈ ਚੰਡੀਗੜ੍ਹ ਦੇ ਕਰਮਚਾਰੀਆਂ ਉੱਤੇ ਲਾਇਆ ਗਿਆ ਐਸਮਾ ਵਾਪਸ ਲੈਣ, ਸਿੱਖਿਆ ਨੀਤੀ 2020 ਨੂੰ ਰੱਦ ਕਰਨ, ਨਾਮਵਰ ਲੇਖਕਾਂ ਦੀਆਂ 25 ਪੁਸਤਕਾਂ ਉੱਤੇ ਲਾਈ ਪਾਬੰਦੀ ਖਤਮ ਕਰਨ ਅਤੇ ਫਲਸਤੀਨ ਨੂੰ ਮੁਕੰਮਲ ਆਜ਼ਾਦੀ ਦੇਣ ਦੀ ਮੰਗ ਕੀਤੀ ਗਈ। ਇਸ ਮੌਕੇ ਬਲਵੀਰ ਕੁਮਾਰ ਅਤੇ ਬਲਜੀਤ ਧਰਮਕੋਟੀ ਨੇ ਕਵਿਤਾ ਅਤੇ ਗੀਤ ਪੇਸ਼ ਕੀਤੇ ਜਦੋਂ ਕਿ ਮੰਚ ਦਾ ਸੰਚਾਲਨ ਹਰੀ ਰਾਮ ਰਸੂਲਪੁਰੀ ਨੇ ਕੀਤਾ।