ਤਰਨ ਤਾਰਨ ਉੱਪ ਚੋਣ ਲਈ ਕਾਂਗਰਸ ਪਾਰਟੀ ਨੇ ਕੀਤੀ ਇਕੱਤਰਤਾ
ਗੁਰਬਖਸ਼ਪੁਰੀਤਰਨ ਤਾਰਨ, 12 ਜੁਲਾਈ
ਕਾਂਗਰਸ ਪਾਰਟੀ ਵੱਲੋਂ ਅੱਜ ਇਥੇ ਕੀਤੇ ਇਕ ਇਕੱਠ ਵਿੱਚ ਆਪਣੀ ਇਕਮੁਠੱਤਾ ਦਾ ਪ੍ਰਗਟਾਵਾ ਕਰਦਿਆਂ ਵਿਧਾਨ ਸਭਾ ਹਲਕਾ ਤਰਨ ਤਾਰਨ ਦੀ ਹੋਣ ਵਾਲੀ ਉੱਪ ਚੋਣ ਦੌਰਾਨ ਆਪਣਾ ਪੂਰਾ ਜ਼ੋਰ ਲਗਾ ਕੇ ਸੀਟ ਜਿੱਤਣ ਦਾ ਦਾਅਵਾ ਕੀਤਾ ਗਿਆ। ਪਾਰਟੀ ਵੱਲੋਂ ਤਰਨ ਤਾਰਨ (ਸ਼ਹਿਰ ਇਕਾਈ) ਲਈ ਨਿਯੁਕਤ ਕੀਤੇ ਪ੍ਰਧਾਨ ਲਖਵਿੰਦਰ ਸਿੰਘ ‘ਲੱਖੀ ਪਾਗਲ’ ਵੱਲੋਂ ਆਪਣੇ ਨਾਮਵਰ ਕਾਲਮ ਨਵੀਸ ਸਵਰਗੀ ਪਿਤਾ ਸਰਦਾਰਾ ਸਿੰਘ ‘ਪਾਗਲ’ ਦੀ ਇਲਾਕਾ ਨਿਵਾਸੀਆਂ ਵੱਲੋਂ ਅੱਜ ਵੀ ਹਰਮਨ ਪਿਆਰਤਾ ਨੂੰ ਮਨਾਂ ਵਿੱਚ ਸਮੋਈ ਬੈਠੇ ਵੱਡੀ ਗਿਣਤੀ ਲੋਕਾਂ ਨੇ ਇਸ ਇਕੱਠ ਵਿੱਚ ਸ਼ਮੂਲੀਅਤ ਕੀਤੀ| ਇਕੱਠ ਵਿੱਚ ਕਾਂਗਰਸ ਪਾਰਟੀ ਵਲੋਂ ਵਿਧਾਨ ਸਭਾ ਹਲਕਾ ਤਰਨ ਤਾਰਨ ਲਈ ਲਗਾਏ ਕੋਆਰਡੀਨੇਟਰ ਯੋਧਬੀਰ ਸਿੰਘ ਸਰਲੀ, ਪਾਰਟੀ ਦੇ ਸੂਬਾ ਸਪੋਕਸਮੈਨ ਜਗਮੀਤ ਸਿੰਘ ਗੰਡੀਵਿੰਡ ਤੋਂ ਇਲਾਵਾ ਇਸ ਹਲਕੇ ਦੀ ਹੋਣ ਵਾਲੀ ਉੱਪ ਚੋਣ ਲਈ ਟਿਕਟ ਲੈਣ ਦੇ ਕੁਝ ਇਕ ਦਾਅਵੇਦਾਰ ਰਾਜਬੀਰ ਸਿੰਘ ਭੁੱਲਰ, ਰਾਣਾ ਰਣਜੀਤ ਸਿੰਘ ਗੰਡੀਵਿੰਡ, ਮਨਿੰਦਰਪਾਲ ਸਿੰਘ ਪਲਾਸੌਰ, ਅਵਤਾਰ ਸਿੰਘ ਤਨੇਜਾ ਸਣੇ ਹੋਰਨਾਂ ਸੰਬੋਧਨ ਕੀਤਾ। ਇਕੱਠ ਵਿੱਚ ਤਰਨ ਤਾਰਨ ਵਿਧਾਨ ਸਭਾ ਹਲਕੇ ਲਈ ਪਾਰਟੀ ਟਿਕਟ ਲੈਣ ਦੇ ਚਾਹਵਾਨ ਆਗੂਆਂ ਨੇ ਉਚੇਚੇ ਤੌਰ ’ਤੇ ਕਿਹਾ ਕਿ ਉਹ ਟਿਕਟ ਦੇਣ ਦੇ ਮਾਮਲੇ ਵਿੱਚ ਪਾਰਟੀ ਦੇ ਫੈਸਲੇ ’ਤੇ ਫੁੱਲ ਚੜ੍ਹਉਣਗੇ।