ਹਲਕਾ ਕਰਤਾਰਪੁਰ ਤੋਂ ਕਾਂਗਰਸ ਵਿਧਾਨ ਸਭਾ ਖੇਤਰ ਦੇ ਕੋਆਰਡੀਨੇਟਰ ਕਮਲ ਸਚਦੇਵਾ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਨੇਤਾ ਪਾਰਟੀ ਦੀਆਂ ਨੀਤੀਆਂ ਬੂਥ ਪੱਧਰ ’ਤੇ ਪਹੁੰਚਾਉਣ ਲਈ ਵਰਕਰਾਂ ਨਾਲ ਸੰਪਰਕ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਿਧਾਨ ਸਭਾ ਚੋਣਾਂ ਲਈ ਹੁਣ ਤੋਂ ਹੀ ਤਿਆਰੀ ਆਰੰਭ ਕਰ ਦਿੱਤੀ ਗਈ ਹੈ। ਪਿੰਡਾਂ ਦੇ ਵਾਰਡਾਂ ਤੱਕ ਕਾਂਗਰਸੀ ਵਰਕਰਾਂ ਨਾਲ ਪਾਰਟੀ ਦੀਆਂ ਨੀਤੀਆਂ ਪਹੁੰਚਾਉਣ ਲਈ ਡਿਊਟੀਆਂ ਲਗਾਈਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਕੇਂਦਰ ਦੇ ਇਸ਼ਾਰੇ ’ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਲੋਕਾਂ ਨੂੰ ਵਿਕਾਸ ਕਰਨ ਦਾ ਲਾਰਾ ਲਗਾ ਕੇ ਭਰਮਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਇਸ ਮੌਕੇ ਹਲਕਾ ਵਿਧਾਨ ਸਭਾ ਤੋਂ ਕਾਂਗਰਸ ਦੇ ਇੰਚਾਰਜ ਸਾਬਕਾ ਪੁਲੀਸ ਅਧਿਕਾਰੀ ਰਜਿੰਦਰ ਸਿੰਘ ਨੇ ਕਿਹਾ ਕਿ ਲੋਕਾਂ ਨੇ ਬਦਲਾਅ ਦੇ ਨਾਮ ਤੇ ਵੋਟਾਂ ਪਾਈਆਂ ਸਨ ਜਦੋਂਕਿ ਸਾਢੇ ਤਿੰਨ ਸਾਲ ਦਾ ਸਮਾਂ ਬੀਤਣ ਉਪਰੰਤ ਸੂਬਾ ਸਰਕਾਰ ਤੋਂ ਲੋਕ ਨਿਰਾਸ਼ ਹੀ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ‘ਆਪ’ ਸਰਕਾਰ ਬਦਲਾ ਲੈਣ ਦੀ ਨੀਤੀ ਨਾਲ ਕੰਮ ਕਰ ਰਹੀ ਹੈ।
ਇਸ ਮੌਕੇ ਵਾਈਸ ਚੇਅਰਮੈਨ ਐੱਸਸੀ ਵਿੰਗ ਹੀਰਾ ਲਾਲ ਖੋਸਲਾ, ਬਾਲ ਮੁਕੰਦ ਬਾਲੀ, ਮਹਿਲਾ ਵਿੰਗ ਦੀ ਪ੍ਰਧਾਨ ਰੇਨੂ ਸੇਠ, ਨਰੇਸ਼ ਗੋਰਾ, ਸਾਬਕਾ ਕੌਂਸਲਰ ਗੋਪਾਲ ਰਾਏ ਤੇ ਜਸਪ੍ਰੀਤ ਸਿੰਘ ਭੁੱਲਰ ਮੌਜੂਦ ਸਨ।