ਹੜ੍ਹਾਂ ਨਾਲ ਨੁਕਸਾਨੀਆਂ ਫ਼ਸਲਾਂ ਲਈ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਮੰਗਿਆ
ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਸਕੱਤਰ ਜਤਿੰਦਰ ਸਿੰਘ ਛੀਨਾ ਦੀ ਅਗਵਾਈ ਹੇਠ ਇਕੱਠੇ ਹੋਏ ਕਿਸਾਨਾਂ ਨੇ ਕਿਹਾ ਕਿ ਅਜਨਾਲਾ ਅਤੇ ਲੋਪੋਕੇ ਦੇ ਸਰਹੱਦੀ ਖੇਤਰ ਚੇ ਲਗਪਗ 150 ਪਿੰਡ ਹੜ੍ਹਾਂ ਨਾਲ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਇਨ੍ਹਾਂ ਪਿੰਡਾਂ ਦੀ ਤਕਰੀਬਨ ਸਵਾ ਲੱਖ ਏਕੜ ਸਾਉਣੀ ਦੀ ਫ਼ਸਲ ਹੜ੍ਹਾਂ ਦੀ ਮਾਰ ਹੇਠ ਆਈ ਹੈ ਅਤੇ ਹੋਰ ਜਾਨੀ-ਮਾਲੀ ਨੁਕਸਾਨ ਵੀ ਹੋਇਆ ਹੈ। ਉਨ੍ਹਾਂ ਮੰਗ ਕੀਤੀ ਕਿ ਇਸ ਦੀ ਪੂਰਤੀ ਲਈ ਪੰਜਾਬ ਤੇ ਕੇਂਦਰ ਸਰਕਾਰ ਕਿਸਾਨਾਂ ਨੂੰ 70 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦੇਵੇ ਤਾਂ ਜੋ ਖੇਤੀ ਦੇ ਲਾਗਤ ਖਰਚੇ ਪੂਰੇ ਹੋ ਸਕਣ। ਉਨ੍ਹਾਂ ਦੱਸਿਆ ਕਿ ਪਿੰਡਾਂ ਵਿੱਚ ਅਜੇ ਵੀ ਬਹੁਤ ਸਾਰੇ ਮਜ਼ਦੂਰ, ਕਿਸਾਨ ਤੇ ਹੋਰ ਕਾਰੋਬਾਰੀਆਂ ਦਾ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪਸ਼ੂਆਂ ਲਈ ਚਾਰੇ ਨਹੀਂ ਪਹੁੰਚ ਰਿਹਾ ਅਤੇ ਗਰੀਬ ਲੋਕਾਂ ਨੂੰ ਦੋ ਵੇਲੇ ਦਾ ਅੰਨ ਪਾਣੀ ਚਲਾਉਣ ਮੁਸ਼ਕਲ ਹੋ ਰਿਹਾ ਹੈ। ਇਸ ਮੌਕੇ ਉਨ੍ਹਾਂ ਰਾਹਤ ਸਮੱਗਰੀ ਵਾਲੇ ਵਾਹਨ ਪਿੰਡ ਡੱਬਰ, ਲਾਲਵਾਲਾ ਆਦਿ ਲਈ ਰਵਾਨਾ ਕੀਤਾ।
ਹੜ੍ਹ ਪੀੜਤਾਂ ਲਈ ਲਾਮਬੰਦ ਹੋਏ ਪੰਜਾਬ ਵਾਸੀ ਤੇ ਐੱਨ ਆਰ ਆਈ :ਵਡਾਲਾ
ਜਲੰਧਰ (ਹਤਿੰਦਰ ਮਹਿਤਾ): ਹੜ੍ਹ ਪੀੜਤਾਂ ਦੀ ਮਦਦ ਲਈ ਪੰਜਾਬ ਦੇ ਵਸਨੀਕ, ਐੱਨ ਆਰ ਆਈ ਪਰਿਵਾਰ ਅਤੇ ਦੇਸ਼ ਭਰ ਤੋਂ ਲੋਕ ਲਾਮਬੰਦ ਹੋਏ ਅਤੇ ਰਾਹਤ ਸਮੱਗਰੀ ਭੇਜ ਰਹੇ ਹਨ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਗੁਰਪ੍ਰਤਾਪ ਸਿੰਘ ਵਡਾਲਾ ਨੇ ਕੀਤਾ। ਜਥੇਦਾਰ ਵਡਾਲਾ ਤੇ ਜਰਨੈਲ ਸਿੰਘ ਗੜ੍ਹਦੀਵਾਲ ਨੇ ਸਾਂਝੇ ਤੌਰ ਤੇ ਤੂੜੀ ਦੀਆਂ ਪੰਜ ਟਰਾਲੀਆਂ ਗੁਰਦੁਆਰਾ ਹਰੀ ਹਰਿ ਜਾਪ ਸਾਹਿਬ ਤੋਂ ਰਵਾਨਾ ਕੀਤੀਆਂ। ਇਹ ਰਾਹਤ ਸਮੱਗਰੀ ਸੰਤ ਅਜੀਤ ਸਿੰਘ ਨੌਲੀ ਵਾਲਿਆਂ ਵੱਲੋਂ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਉਪਰੰਤ ਰਵਾਨਾ ਕੀਤੀ ਗਈ। ਇਸ ਮੌਕੇ ਜਸਪ੍ਰੀਤ ਸਿੰਘ ਕਪੂਰ ਪਿੰਡ ਨਿੱਜੀ ਸਕੱਤਰ ਜਥੇਦਾਰ ਵਡਾਲਾ,ਤੇਜਿੰਦਰ ਸਿੰਘ ਬੁਢਿਆਣਾ ਸਾਬਕਾ ਬਲਾਕ ਸੰਮਤੀ ਮੈਂਬਰ,ਗੁਰਵਿੰਦਰ ਸਿੰਘ ਨੋਲੀ, ਮਨਜਿੰਦਰ ਸਿੰਘ, ਹਰਜਾਪ ਸਿੰਘ, ਨਵਦੀਪ ਨਵੀ, ਕਿਰਨਦੀਪ ਸਿੰਘ ਨੌਲੀ ਆਦਿ ਹਾਜ਼ਰ ਸਨ।