ਆਮ ਲੋਕਾਂ ਦਾ ‘ਆਪ’ ਤੋਂ ਵਿਸ਼ਵਾਸ ਉੱਠਿਆ: ਵੜਿੰਗ
ਪੰਜਾਬ ਕਾਂਗਰਸ ਪ੍ਰਧਾਨ ਨੇ ਪਾਰਟੀ ਉਮੀਦਵਾਰ ਦੇ ਹੱਕ ’ਚ ਇਕੱਠ ਨੂੰ ਸੰਬੋਧਨ ਕੀਤਾ
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਤਰਨ ਤਾਰਨ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਕਾਂਗਰਸ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਨੂੰ ਜਿਤਾਉਣ ਲਈ ਲੋਕਾਂ ਨੂੰ ਸਾਹਿਯੋਗ ਦੀ ਅਪੀਲ ਕੀਤੀ|
ਉਨ੍ਹਾਂ ਦੋਸ਼ ਲਾਇਆ ਕਿ ਆਮ ਲੋਕਾਂ ਦਾ ਹਾਕਮ ਧਿਰ ‘ਆਮ ਆਦਮੀ ਪਾਰਟੀ’ (ਆਪ) ਤੋਂ ਵਿਸ਼ਵਾਸ਼ ਉੱਠ ਗਿਆ ਹੈ ਅਤੇ ਲੋਕਾਂ ਨੂੰ ਕਾਂਗਰਸ ਪਾਰਟੀ ਤੋਂ ਹੀ ਉਮੀਦਾਂ ਹਨ| ਉਹ ਇਲਾਕੇ ਦੇ ਪਿੰਡ ਖਾਰਾ ਵਿੱਚ ਪਿੰਡ ਦੇ ਸਰਪੰਚ ਉੱਤਮ ਸਿੰਘ ਦੀ ਅਗਵਾਈ ਹੇਠ ਅੱਜ ਇਕੱਠ ਨੂੰ ਸੰਬੋਧਨ ਕਰ ਰਹੇ ਸਨ। ਉਨ੍ਹਾਂ ਕਿਹਾ ਕਿ ਤਰਨ ਤਾਰਨ ਵਿੱਚ ਹਾਕਮ ਧਿਰ ਵਿੱਚ ਦਾ ਅੰਦਰੂਨੀ ਕਲੇਸ਼ ਸ਼ਿਖਰਾਂ ’ਤੇ ਹੋਣ ਕਰਕੇ ਅੱਜ ਸੱਤ ਮਹੀਨੇ ਬੀਤ ਜਾਣ ਦੇ ਬਾਵਜੂਦ ‘ਆਪ’ ਨਗਰ ਕੌਂਸਲ ਦਾ ਪ੍ਰਧਾਨ ਨਹੀਂ ਚੁਣ ਸਕੀ| ਉਨ੍ਹਾਂ ਕਿਹਾ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਨੇ 2027 ਸੂਬੇ ਦੇ ਲੋਕਾਂ ਦੀਆਂ ਉਮੀਦਾਂ ਵੱਲ ਇਸ਼ਾਰਾ ਕਰਨਾ ਹੈ ਜਿਸ ਦਾ ਸੰਕੇਤ ਲੋਕਾਂ ਵਲੋਂ ਕਾਂਗਰਸ ਦੇ ਹੱਕ ਵਿੱਚ ਦਿੱਤਾ ਜਾ ਰਿਹਾ ਹੈ|
ਇਕੱਠ ਨੂੰ ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਸਮੇਤ ਹੋਰਨਾਂ ਕਾਂਗਰਸੀ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਤਰਨ ਤਾਰਨ ਤੋਂ ਪਾਰਟੀ ਦੇ ਉਮੀਦਵਾਰ ਕਰਨਬੀਰ ਸਿੰਘ ਬੁਰਜ ਦੇ ਹੱਕ ਵਿੱਚ ਫਤਵਾ ਦੇਣ ਦੀ ਅਪੀਲ ਕੀਤੀ|
ਇਸ ਮੌਕੇ ਪਾਰਟੀ ਦੇ ਉਮੀਦਵਾਰ ਕਰਨਬੀਰ ਬੁਰਜ ਨੇ ਜੇਤੂ ਹੋਣ ’ਤੇ ਲੋਕਾਂ ਨੂੰ ਸ਼ਹਿਰ ਦੀ ਸੱਚਖੰਡ ਰੋਡ ਤੋਂ ਕੂੜਾ ਡੰਪ ਚੁਕਵਾਉਣ, ਕਸੂਰ ਡਰੇਨ ਦੀ ਸਫ਼ਾਈ ਕਰਵਾਉਣ ਅਤੇ ਸ਼ਹਿਰ ਦੇ ਸਾਰੇ 25 ਵਾਰਡਾਂ ਦਾ ਬਰਾਬਰ ਵਿਕਾਸ ਕਰਵਾਉਣ ਦਾ ਵਾਅਦਾ ਕੀਤਾ।

