ਦਸਵੀਂ: ਮੇਹਰਬੀਰ ਕੌਰ ਅੰਮ੍ਰਿਤਸਰ ਜ਼ਿਲ੍ਹੇ ’ਚੋਂ ਪਹਿਲੇ ਤੇ ਸੂਬੇ ਵਿਚੋਂ ਸੱਤਵੇਂ ਸਥਾਨ ’ਤੇ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 16 ਮਈ
ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਅੱਜ ਦਸਵੀਂ ਦੇ ਐਲਾਨੇ ਨਤੀਜੇ ਵਿਚ ਜ਼ਿਲ੍ਹਾ ਅੰਮ੍ਰਿਤਸਰ ਦੀ ਪਾਸ ਪ੍ਰਤੀਸ਼ਤਤਾ 98.54 ਫ਼ੀਸਦੀ ਰਹੀ ਹੈੈ। ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਨੇ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੱਤੀ। ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ, ਕੋਟ ਬਾਬਾ ਦੀਪ ਸਿੰਘ ਦੀ ਹੋਣਹਾਰ ਵਿਦਿਆਰਥਣ ਮੇਹਰਪ੍ਰੀਤ ਕੌਰ ਨੇ ਜ਼ਿਲ੍ਹੇ ’ਚੋਂ ਪਹਿਲਾ ਤੇ ਸੂਬੇ ’ਚੋਂ ਸੱਤਵਾਂ ਸਥਾਨ ਹਾਸਲ ਕੀਤਾ ਹੈ। ਸ੍ਰੀ ਗੁਰੂ ਗੋਬਿੰਦ ਸਿੰਘ ਸੀਨੀਅਰ ਸੈਕੰਡਰੀ ਸਕੂਲ ਚੂੰਗ ਦੀ ਅਰਨੂਰਬੀਰ ਕੌਰ ਜ਼ਿਲ੍ਹਾ ’ਚੋਂ ਦੂਜੇ ਤੇ ਸ੍ਰੀ ਗੁਰੂ ਰਾਮਦਾਸ ਸੀਨੀਅਰ ਸੈਕੰਡਰੀ ਸਕੂਲ ਨਾਥ ਦੀ ਖੂਹੀ ਚੰਨਣਕੇ ਦਾ ਅਰਸ਼ਦੀਪ ਸਿੰਘ ਨੇ ਤੀਸਰੇ ਸਥਾਨ ’ਤੇ ਰਿਹਾ।
ਪ੍ਰੀਤੀ ਕੁਮਾਰੀ ਜਲੰਧਰ ਜ਼ਿਲ੍ਹੇ ’ਚੋਂ ਅੱਵਲ
ਜਲੰਧਰ (ਹਤਿੰਦਰ ਮਹਿਤਾ): ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਜਲੰਧਰ ਦੀਆਂ 13 ਕੁੜੀਆਂ ਨੇ ਮੈਰਿਟ ਸੂਚੀ ਵਿੱਚ ਥਾਂ ਬਣਾਈ ਹੈ। ਕੈਂਟ ਬੋਰਡ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਪ੍ਰੀਤੀ ਕੁਮਾਰੀ ਨੇ 650 ਵਿੱਚੋਂ 636 (97.85 ਫੀਸਦੀ) ਪ੍ਰਾਪਤ ਕੀਤੇ। ਉਸਨੇ ਸੂਬੇ ਵਿੱਚ 14ਵਾਂ ਰੈਂਕ ਪ੍ਰਾਪਤ ਕੀਤਾ ਹੈ ਅਤੇ ਜ਼ਿਲ੍ਹੇ ਵਿੱਚ ਪਹਿਲੇ ਸਥਾਨ ’ਤੇ ਰਹੀ ਹੈ। ਪ੍ਰੀਤੀ ਡਾਕਟਰ ਬਣਨਾ ਚਾਹੁੰਦੀ ਹੈ।
ਕਰਤਾਰਪੁਰ ਦੀਆਂ ਕੁੜੀਆਂ ਨੇ ਮਾਰੀ ਬਾਜ਼ੀ
ਕਰਤਾਰਪੁਰ (ਗੁਰਨੇਕ ਸਿੰਘ ਵਿਰਦੀ): ਦਸਵੀਂ ਜਮਾਤ ਦੇ ਨਤੀਜਿਆਂ ਵਿੱਚ ਪੁਸ਼ਪਾ ਮਹਿਤਾ ਮੈਮੋਰੀਅਲ ਆਰੀਆ ਮਾਡਲ ਹਾਈ ਸਕੂਲ ਕਰਤਾਰਪੁਰ ਦੀ ਪ੍ਰਿੰਸੀਪਲ ਅੰਜੂ ਬਾਲਾ ਤੇ ਵਾਈਸ ਪ੍ਰਿੰਸੀਪਲ ਚਿਤਰਾ ਮਹਿਤਾ ਨੇ ਦੱਸਿਆ ਕਿ ਨਵਨੀਤ ਕੌਰ ਨੇ ਜ਼ਿਲ੍ਹੇ ਵਿੱਚੋਂ ਦੂਸਰਾ ਪਰੀ ਅਤੇ ਅਮਨਜੋਤ ਕੌਰ ਦੋਵਾਂ ਨੇ ਤੀਸਰਾ ਅਤੇ ਅਮਨਦੀਪ ਕੌਰ ਨੇ ਪੰਜਵਾਂ ਸਥਾਨ ਹਾਸਲ ਕੀਤਾ ਹੈ। ਇਸੇ ਤਰ੍ਹਾਂ ਹਰਮਨਜੋਤ ਨੇ 21 ਰੈਂਕ, ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਮਕਸੂਦਾਂ ਦੀ ਸਿਮਰਜੋਤ ਕੌਰ ਨੇ ਜ਼ਿਲ੍ਹੇ ਵਿੱਚੋਂ 17ਵਾਂ ਰੈਂਕ ਹਾਸਲ ਕੀਤਾ ਹੈ। ਐਡਵੋਕੇਟ ਅਵਨੀਤ ਕੌਰ ਅਤੇ ਐਡਵੋਕੇਟ ਅਵੰਤਿਕਾ ਭੰਡਾਰੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ।
ਮੱਜੂਪੁਰਾ ਦੇ ਨੌਜਵਾਨ ਨੇ 19ਵਾਂ ਰੈਂਕ ਹਾਸਲ ਕੀਤਾ
ਚੇਤਨਪੁਰਾ (ਰਣਬੀਰ ਸਿੰਘ ਮਿੰਟੂ): ਇੱਥੇ ਇਥੋਂ ਨੇੜਲੇ ਪਿੰਡ ਮੱਝੂਪੁਰਾ ਦੇ ਗ਼ਰੀਬ ਪਰਿਵਾਰ ਨਾਲ ਸੰਬੰਧਿਤ ਨਿਰਮਲ ਸਿੰਘ ਦੇ ਪੁੱਤਰ ਅਰੁਨਪਤਾਪ ਸਿੰਘ ਨੇ ਕਾਮਰੇਡ ਸੋਹਣ ਸਿੰਘ ਜੋਸ਼ ਸਰਕਾਰੀ ਹਾਈ ਸਕੂਲ ਚੇਤਨਪੁਰਾ ਦੇ ਵਿਦਿਆਰਥੀ ਨੇ ਦਸਵੀਂ ਵਿੱਚ 97.08 ਫੀਸਦ ਅੰਕ ਪ੍ਰਾਪਤ ਕਰਕੇ ਪੰਜਾਬ ਮੈਰਿਟ ਵਿੱਚੋਂ 19ਵਾਂ ਰੈਂਕ ਹਾਸਲ ਕੀਤਾ ਹੈ। ਜਿਸ ਨਾਲ ਨੌਜਵਾਨ ਦੇ ਪਿੰਡ ਮੱਜੂਪੁਰਾ ਅਤੇ ਉਸ ਦੇ ਪਰਿਵਾਰਿਕ ਮੈਂਬਰਾਂ ਵਿੱਚ ਖੁਸ਼ੀ ਦਾ ਮਾਹੌਲ ਪਾਇਆ ਜਾ ਰਿਹਾ ਹੈ । ਇਸ ਸਬੰਧੀ ਸਕੂਲ ਦੇ ਪ੍ਰਿੰਸੀਪਲ ਰਜਨੀ ਨਰੂਲਾ ਨੇ ਖੁਸ਼ੀ ਜ਼ਾਹਿਰ ਕਰਦਿਆਂ ਦੱਸਿਆ ਕਿ ਅਰੁਨਪ੍ਰਤਾਪ ਸਿੰਘ ਸਕੂਲ ਵਿੱਚ ਪੜ੍ਹਾਈ ਵਿੱਚ ਬਹੁਤ ਹੀ ਹੁਸ਼ਿਆਰ ਵਿਦਿਆਰਥੀ ਹੈ। ਅਰੁਨਪ੍ਰਤਾਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਅਗਲੀ ਪੜ੍ਹਾਈ ਮੈਡੀਕਲ ਸਟਰੀਮ ਵਿੱਚ ਕੀਤੀ ਜਾਵੇਗੀ ਅਤੇ ਉਸ ਵੱਲੋਂ ਹੁਣ ਤੋਂ ਹੀ ਨੀਟ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।
ਤਰਨ ਤਾਰਨ ਜ਼ਿਲ੍ਹਾ ਤੀਸਰੇ ਸਥਾਨ ’ਤੇ
ਤਰਨ ਤਾਰਨ (ਗੁਰਬਖਸ਼ਪੁਰੀ): ਪੰਜਾਬ ਸਕੂਲ ਸਿੱਖਿਆ ਬੋਰਡ ਦੇ ਦਸਵੀਂ ਨਤੀਜਿਆਂ ਵਿੱਚ ਤਰਨ ਤਾਰਨ ਜ਼ਿਲ੍ਹਾ 98.08 ਪਾਸ ਪ੍ਰਤੀਸ਼ਤ ਨਾਲ ਤੀਸਰੇ ਸਥਾਨ ’ਤੇ ਰਿਹਾ| ਜ਼ਿਲ੍ਹੇ ਦੇ ਪੰਜ ਵਿਦਿਆਰਥੀਆਂ ਨੇ ਬੋਰਡ ਦੀ ਮੈਰਿਟ ਸੂਚੀ ਵਿੱਚ ਸਥਾਨ ਪਾਇਆ ਹੈ । ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਟੀ (ਲੜਕੇ) ਦੇ ਵਿਦਿਆਰਥੀ ਕਾਰਤਿਕ ਨੇ 97.69 ਫੀਸਦ , ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੇ ਪਰਮਵੀਰ ਸਿੰਘ ਨੇ 96. 77 ਫੀਸਦ, ਗੁਰੂ ਕੁੱਲ ਪਬਲਿਕ ਸਕੂਲ ਭਿੱਖੀਵਿੰਡ ਦੀ ਪਵਨਦੀਪ ਕੌਰ ਨੇ 96.62 ਫੀਸਦ, ਆਈਟੀ ਸੀਨੀਅਰ ਸੈਕੰਡਰੀ ਸਕੂਲ ਭਗਵਾਨਪੁਰ ਦੀ ਸੁਨੇਹਾ ਸ਼ਰਮਾ ਨੇ 96.62 ਫੀਸਦ ਅਤੇ ਬਾਬਾ ਗੁਰਮੁੱਖ ਸਿੰਘ ਬਾਬਾ ਉੱਤਮ ਸਿੰਘ ਸੀਨੀਅਰ ਸੈਕੰਡਰੀ ਸਕੂਲ ਖਡੂਰ ਸਾਹਿਬ ਦੀ ਤਨੂ ਸ਼ਰਮਾ ਨੇ 96.62 ਫੀਸਦ ਅੰਕ ਹਾਸਲ ਕੀਤੇ। ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ) ਸਤਨਾਮ ਸਿੰਘ ਬਾਠ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ।
ਮਨਪ੍ਰੀਤ ਕੌਰ ਤੇ ਗੁਰਨੂਰ ਮੈਰਿਟ ’ਚ
ਫਗਵਾੜਾ (ਜਸਬੀਰ ਸਿੰਘ ਚਾਨਾ): ਇਥੋਂ ਦੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਹਰਬੰਸਪੁਰ ਦੀ ਵਿਦਿਆਰਥਣ ਮਨਪ੍ਰੀਤ ਕੌਰ ਨੇ ਦਸਵੀਂ ਵਿੱਚ 96.77 ਫੀਸਦ ਅੰਕ ਹਾਸਲ ਕਰਕੇ ਮੈਰਿਟ ’ਚ 21ਵਾਂ ਰੈੱਕ ਹਾਸਲ ਕੀਤਾ ਹੈ। ਸਕੂਲ ਪ੍ਰਿੰਸੀਪਲ ਉਪਾਸਨਾ ਮਦਾਨ ਨੇ ਵਿਦਿਆਰਥਣ ਨੂੰ ਇਸ ਪ੍ਰਾਪਤੀ ’ਤੇ ਵਧਾਈ ਦਿੱਤੀ ਤੇ ਜਿੰਦਗੀ ’ਚ ਹੋਰ ਮਿਹਨਤ ਕਰਕੇ ਅੱਗੇ ਵੱਧਣ ਲਈ ਪ੍ਰੇਰਿਆ। ਇਸੇ ਤਰ੍ਹਾਂ ਇਥੋਂ ਦੇ ਮਾਂ ਅੰਬੇ ਗਰਲਜ਼ ਸੀਨੀਅਰ ਸਕੈਂਡਰੀ ਸਕੂਲ ਭਾਣੋਕੀ ਦੀ ਵਿਦਿਆਰਥਣ ਗੁਰਨੂਰ ਕੌਰ ਨੇ 97.8 ਫੀਸਦ ਅੰਕਾਂ ਨਾਲ ਮੈਰਿਟ ਸੂਚੀ ’ਚ 164ਵਾਂ ਸਥਾਨ (19ਵਾਂ ਰੈੱਕ) ਤੇ ਜ਼ਿਲ੍ਹਾ ਕਪੂਰਥਲਾ ’ਚੋਂ ਪਹਿਲਾ ਸਥਾਨ ਹਾਸਲ ਕੀਤਾ ਹੈ। ਸਕੂਲ ਚੇਅਰਮੈਨ ਨਿਰਮਲ ਸਿੰਘ, ਸ਼੍ਰੀਮਤੀ ਹਰਭਜਨ ਸਿੰਘ, ਕੇ.ਕੇ. ਸਰਦਾਨਾ, ਅਵਤਾਰ ਸਿੰਘ ਸੈਕਟਰੀ ਤੇ ਸੌਦਾਗਰ ਸਿੰਘ ਨੇ ਗੁਰਨੂਰ ਕੌਰ ਤੇ ਉਸਦੇ ਮਾਤਾ ਪਿਤਾ ਨੂੰ ਵਧਾਈ ਦਿੱਤੀ।