ਇੱਥੋਂ ਦੇ ਸਿਟੀ ਕਲੱਬ ਦੀ ਅੱਜ ਛੇ ਸਾਲ ਬਾਅਦ ਹੋਈ ਚੋਣ ਅਮਨ-ਅਮਾਨ ਨਾਲ ਨੇਪਰੇ ਚੜ੍ਹ ਗਈ। ਕਲੱਬ ਦੇ 391 ਮੈਂਬਰਾਂ ਵਿੱਚੋਂ 342 ਮੈਂਬਰਾਂ ਨੇ ਆਪਣੀ ਵੋਟ ਦੀ ਵਰਤੋਂ ਕੀਤੀ। ਰਿਟਰਨਿੰਗ ਅਫ਼ਸਰ ਤੇ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਹਾਈ ਕੋਰਟ ਦੇ ਹੁਕਮਾਂ ਅਨੁਸਾਰ ਨਵੇਂ ਤੇ ਪੁਰਾਣੇ ਮੈਂਬਰਾਂ ਦੇ ਵੱਖੋ ਵੱਖਰੇ ਬਕਸੇ ਲਗਾ ਕੇ ਵੋਟਾਂ ਪੋਲ ਕਰ ਕੇ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਹਾਈ ਕੋਰਟ ਦੇ ਅਗਲੇ ਹੁਕਮਾਂ ’ਤੇ ਹੀ ਇਸ ਦੀ ਗਿਣਤੀ ਕੀਤੀ ਜਾਵੇਗੀ। ਵਰਨਣਯੋਗ ਹੈ ਕਿ ਨੇਮਾਂ ਦੇ ਉਲਟ ਜਾ ਕੇ 60 ਦੇ ਕਰੀਬ ਬਣਾਏ ਗਏ ਨਵੇਂ ਮੈਂਬਰਾਂ ਖ਼ਿਲਾਫ਼ ਪਰਮਜੀਤ ਸਿੰਘ ਖੁਰਾਨਾ ਤੇ ਅਸ਼ੋਕ ਪਰਾਸ਼ਰ ਨੇ ਆਪਣੇ ਵਕੀਲ ਕਰਨਜੋਤ ਸਿੰਘ ਝਿੱਕਾ ਰਾਹੀਂ ਹਾਈ ਕੋਰਟ ’ਚ ਰਿੱਟ ਦਾਇਰ ਕੀਤੀ ਸੀ। ਹਾਈ ਕੋਰਟ ਵੱਲੋਂ ਵੋਟਾਂ ਦੋ ਬਕਸਿਆਂ ’ਚ ਪਾਉਣ ਦੀ ਹਦਾਇਤ ਕੀਤੀ ਗਈ ਸੀ ਜਿਸ ਦੀ ਪਾਲਣਾ ਕਰਦਿਆਂ ਪ੍ਰਸਾਸ਼ਨ ਨੇ ਅੱਜ ਚੋਣ ਕਰਵਾ ਦਿੱਤੀ ਹੈ। ਦੂਸਰੇ ਪਾਸੇ ਅੱਜ ਪਰਮਜੀਤ ਸਿੰਘ ਖੁਰਾਨਾ ਤੇ ਹਰਦੀਪ ਸਿੰਘ ਦੀਪਾ ਦੇ ਧੜ੍ਹਿਆ ਨੇ ਪੁੱਜ ਕੇ ਵੋਟ ਪਾਈ।