ਸਿਟੀ ਕਲੱਬ ਦੀ ਚੋਣ: ਨਵੇਂ ਤੇ ਪੁਰਾਣੇ ਮੈਂਬਰਾਂ ਲਈ ਵੱਖੋ-ਵੱਖਰੇ ਵੋਟਿੰਗ ਬਕਸੇ ਲਾਏ ਜਾਣ: ਹਾਈ ਕੋਰਟ
ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅੱਜ ਹੁਕਮ ਦਿੱਤਾ ਹੈ ਕਿ ਫਗਵਾੜਾ ’ਚ ਅੱਠ ਅਗਸਤ ਨੂੰ ਹੋ ਰਹੀ ਸਿਟੀ ਕਲੱਬ ਦੀ ਚੋਣ ਮੌਕੇ ਵੋਟਾਂ ਪਾਉਣ ਲਈ ਦੋ ਬਕਸੇ ਲਗਾਏ ਜਾਣ। ਇੱਕ ਬਕਸੇ ’ਚ ਪੁਰਾਣੇ ਤੇ ਇੱਕ ਬਕਸੇ ’ਚ ਨਵੇਂ ਮੈਂਬਰ ਵੋਟਾਂ ਪਾ ਸਕਣਗੇ। ਵੋਟਾਂ ਦੀ ਗਿਣਤੀ ਅਦਾਲਤੀ ਹੁਕਮਾਂ ਤੋਂ ਬਾਅਦ ਕੀਤੀ ਜਾਵੇਗੀ।
ਐਡਵੋਕੇਟ ਕਰਨਜੋਤ ਸਿੰਘ ਝਿੱਕਾ ਤੇ ਮੇਹਰ ਨਾਗਪਾਲ ਨੇ ਦੱਸਿਆ ਕਿ 2020 ਤੋਂ ਬਾਅਦ ਕੁਝ ਪ੍ਰਬੰਧਕਾਂ ਨੇ 50 ਦੇ ਕਰੀਬ ਮੈਂਬਰ 11 ਹਜ਼ਾਰ ਰੁਪਏ ਦੀ ਰਾਸ਼ੀ ਲੈ ਕੇ ਬਣਾਏ ਹਨ ਜਦਕਿ ਮੈਂਬਰ ਬਣਾਉਣ ਦੀ ਰਾਸ਼ੀ 51 ਹਜ਼ਾਰ ਰੁਪਏ ਪਹਿਲਾਂ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪਟੀਸ਼ਨਰ ਪਰਮਜੀਤ ਸਿੰਘ ਖੁਰਾਨਾ ਤੇ ਅਸ਼ੋਕ ਪਰਾਸ਼ਰ ਨੇ ਇਸ ਸਬੰਧੀ ਹਾਈ ਕੋਰਟ ’ਚ ਰਿੱਟ ਪਾਈ ਸੀ ਜਿਸ ਦਾ ਅਦਾਲਤ ਨੇ ਅੱਜ ਹੁਕਮ ਸੁਣਾਇਆ ਅਤੇ ਕਿਹਾ ਕਿ ਅਗਲੀ 10 ਸਤੰਬਰ ਨੂੰ ਇਸ ਸਬੰਧੀ ਜੋ ਫ਼ੈਸਲਾ ਹੋਵੇਗਾ ਉਸ ਤੋਂ ਬਾਅਦ ਹੀ ਵੋਟਾਂ ਦੀ ਗਿਣਤੀ ਹੋਵੇਗੀ। ਉਨ੍ਹਾਂ ਕਿਹਾ ਕਿ ਪਟੀਸ਼ਨਰ ਕਰਤਾ ਨੇ ਸ਼ੱਕ ਪ੍ਰਗਟਾਇਆ ਸੀ ਕਿ ਇਸ ਦਾ ਲਾਭ ਇੱਕ ਧਿਰ ਲੈ ਸਕਦੀ ਹੈ।
ਦੂਸਰੇ ਪਾਸੇ ਰਿਟਰਨਿੰਗ ਅਫ਼ਸਰ ਤੇ ਤਹਿਸੀਲਦਾਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਇਹ ਚੋਣ 8 ਅਗਸਤ ਨੂੰ ਸਵੇਰੇ 9 ਵਜੇ ਤੋਂ 3 ਵਜੇ ਤੱਕ ਚੱਲੇਗੀ ਜਿਸ ਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਅਦਾਲਤ ਦੇ ਹੁਕਮਾਂ ਅਨੁਸਾਰ ਹੀ ਸਾਰੀ ਕਾਰਵਾਈ ਹੋਵੇੇਗੀ। ਸੀਨੀਅਰ ਮੀਤ ਪ੍ਰਧਾਨ ਲਈ ਪਰਮਜੀਤ ਸਿੰਘ ਖੁਰਾਨਾ ਤੇ ਦੂਸਰੀ ਧਿਰ ਦੇ ਹਰਦੀਪ ਸਿੰਘ ਦੀਪਾ ਦੀ ਟੀਮ ਚੋਣ ਮੈਦਾਨ ’ਚ ਡਟੇ ਹੋਏ ਹਨ।