ਬੱਚੇ ਦੇ ਕਤਲ ਦਾ ਮਾਮਲਾ: ਵਫ਼ਦ ਜ਼ਿਲ੍ਹਾ ਪ੍ਰਸ਼ਾਸਨ ਨੂੰ ਮਿਲਿਆ
ਇੱਥੇ ਬੀਤੇ ਦਿਨੀਂ ਕਤਲ ਕੀਤੇ ਮੁਹੱਲਾ ਦੀਪ ਨਗਰ ਦੇ ਪੰਜ ਸਾਲਾ ਬੱਚੇ ਦੇ ਮਾਪਿਆਂ ਨੂੰ ਇਨਸਾਫ਼ ਦਿਵਾਉਣ ਅਤੇ ਭਵਿੱਖ ਵਿਚ ਅਜਿਹੀ ਘਟਨਾ ਨੂੰ ਰੋਕਣਾ ਯਕੀਨੀ ਬਣਾਉਣ ਲਈ ਸ਼ਹਿਰ ਦੀਆਂ ਵੱਖ-ਵੱਖ ਜਥੇਬੰਦੀਆਂ ਦਾ ਵਫ਼ਦ ਅੱਜ ਡਿਪਟੀ ਕਮਿਸ਼ਨਰ ਤੇ ਐੱਸ ਐੱਸ ਪੀ ਨੂੰ ਮਿਲਿਆ ਤੇ ਮੰਗ ਪੱਤਰ ਦਿੱਤਾ। ਯੂਥ ਸਿਟੀਜ਼ਨ ਕੌਂਸਲ ਪੰਜਾਬ ਦੇ ਪ੍ਰਧਾਨ ਡਾ. ਰਮਨ ਘਈ, ਨੌਜਵਾਨ ਨੇਤਾ ਰਣਜੀਤ ਰਾਣਾ ਤੇ ਖੱਤਰੀ ਕਰਨੀ ਸੈਨਾ ਪੰਜਾਬ ਦੇ ਪ੍ਰਧਾਨ ਲੱਕੀ ਠਾਕੁਰ ਨੇ ਕਿਹਾ ਕਿ ਪੀੜਤ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਜਲਦੀ ਹੀ ਸਮੂਹ ਸੰਗਠਨਾਂ ਦੇ ਪ੍ਰਤੀਨਿਧੀਆਂ ਵਲੋਂ ਸੰਘਰਸ਼ ਕਮੇਟੀ ਦਾ ਗਠਨ ਕੀਤਾ ਜਾਵੇਗਾ। ਉਨ੍ਹਾਂ ਐੱਸ ਐੱਸ ਪੀ ਤੋਂ ਮੰਗ ਕੀਤੀ ਮੁਲਜ਼ਮ ਦਾ ਕੇਸ ਫਾਸਟ ਟਰੈਕ ਅਦਾਲਤ ’ਚ ਚਲਾਇਆ ਜਾਵੇ। ਹੁਸ਼ਿਆਰਪੁਰ ਅੰਦਰ ਰਹਿ ਰਹੇ ਬਾਹਰੀ ਲੋਕਾਂ ਦੀ ਥਾਣੇ ਵੈਰੀਫਿਕੇਸ਼ਨ ਕਰਵਾਈ ਜਾਵੇ। ਐੱਸ ਐੱਸ ਪੀ ਨੇ ਸੰਗਠਨਾਂ ਨੂੰ ਭਰੋਸਾ ਦਿੱਤਾ ਕਿ ਪੀੜਤ ਪਰਿਵਾਰ ਨੂੰ ਪੂਰਾ ਇਨਸਾਫ਼ ਦਿਵਾਇਆ ਜਾਵੇਗਾ। ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਪੀ ਐਸ ਘੁੰਮਣ ਤੇ ਸਕੱਤਰ ਐਡਵੋਕੇਟ ਨਵਜਿੰਦਰ ਬੇਦੀ ਨੇ ਮੁਲਜ਼ਮ ਦਾ ਕੇਸ ਨਾ ਲੜਨ ਅਤੇ ਪੀੜਤ ਪਰਿਵਾਰ ਨੂੰ ਹਰ ਤਰ੍ਹਾਂ ਦੀ ਕਾਨੂੰਨੀ ਸਹਾਇਤਾ ਮੁਫਤ ਦੇਣ ਦਾ ਭਰੋਸਾ ਦਿੱਤਾ।
ਹਰਵੀਰ ਦੇ ਕਾਤਲਾਂ ਲਈ ਮਿਸਾਲੀ ਸਜ਼ਾ ਦੀ ਮੰਗ
ਹੁਸ਼ਿਆਰਪੁਰ (ਨਿੱਜੀ ਪੱਤਰ ਪ੍ਰੇਰਕ): ਸ਼੍ਰੋਮਣੀ ਅਕਾਲੀ ਦਲ ਨੇ ਬੀਤੇ ਦਿਨ ਨਿਊ ਦੀਪ ਨਗਰ ਦੇ ਕਤਲ ਕੀਤੇ ਬੱਚੇ ਹਰਵੀਰ ਸਿੰਘ ਦੇ ਕਾਤਲਾਂ ਨੂੰ ਫਾਸਟ ਟਰੈਕ ਕੋਰਟ ਰਾਹੀਂ ਕੇਸ ਚਲਾ ਕੇ ਮਿਸਾਲੀ ਸਜ਼ਾਵਾਂ ਦੇਣ ਦੀ ਮੰਗ ਕੀਤੀ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ (ਸ਼ਹਿਰੀ) ਜਤਿੰਦਰ ਸਿੰਘ ਲਾਲੀ ਬਾਜਵਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਇਸ ਦੁੱਖ ਦੀ ਘੜੀ ਹਰਵੀਰ ਸਿੰਘ ਦੇ ਪਰਿਵਾਰ ਨਾਲ ਖੜ੍ਹਾ ਹੈ ਅਤੇ ਪਰਿਵਾਰ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ।