ਕਿਸਾਨ ਆਗੂ ਵਿਰੁੱਧ ਪਰਚੇ ਖ਼ਿਲਾਫ਼ ਚੱਕਾ ਜਾਮ ਦਾ ਐਲਾਨ
ਭਾਰਤੀ ਕਿਸਾਨ ਯੂਨੀਅਨ ਗੜਦੀਵਾਲਾ ਦੇ ਸੂਬਾ ਪ੍ਰਧਾਨ ਜੁਝਾਰ ਸਿੰਘ ਕੇਸ਼ੋਪੁਰ ਖਿਲਾਫ਼ ਗੜ੍ਹਦੀਵਾਲਾ ਪੁਲੀਸ ਵਲੋਂ ਦਰਜ ਕੇਸ ਰੱਦ ਕਰਨ ਦੀ ਮੰਗ ਕੀਤੀ ਹੈ। ਆਗੂਆਂ ਨੇ ਚੇਤਾਵਨੀ ਦਿੱਤੀ ਹੈ ਕਿ ਜੇਕਰ ਪੁਲੀਸ ਨੇ ਕੇਸ ਰੱਦ ਨਾ ਕੀਤਾ ਤਾਂ 2 ਸਤੰਬਰ ਤੋਂ ਅਣਮਿੱਥੇ ਸਮੇਂ ਲਈ ਹੁਸ਼ਿਆਰਪੁਰ-ਗੜਦੀਵਾਲਾ ਸੜਕ ’ਤੇ ਪੈਂਦੇ ਟਾਂਡਾ ਰੋਡ ਚੌਕ ਵਿੱਚ ਚੱਕਾ ਜਾਮ ਕਰ ਦਿੱਤਾ ਜਾਵੇਗਾ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਪੁਲੀਸ ਨੇ ਗੜਦੀਵਾਲਾ ਦੇ ਪਿੰਡ ਕੇਸ਼ੋਪੁਰ ਦੇ ਮੌਜੂਦਾ ਸਰਪੰਚ ਦੇ ਬਿਆਨਾਂ ‘ਤੇ ਉਸ ਨੂੰ ਜਾਤੀ ਸੂਚਕ ਸ਼ਬਦ ਵਰਤਣ ਅਤੇ ਧਮਕੀਆਂ ਦੇਣ ਖ਼ਿਲਾਫ਼ ਐੱਸਸੀ/ਐਸਟੀ ਐਕਟ ਅਤੇ ਬੀਐਨਐਸ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਕਿਸਾਨਾਂ ਨੇ ਇਸ ਨੂੰ ਝੂਠਾ ਅਤੇ ਨਿੱਜੀ ਰੰਜਿਸ਼ ਤਹਿਤ ਕੀਤੀ ਕਾਰਵਾਈ ਕਰਾਰ ਦਿੱਤਾ ਹੈ। ਇਸ ਮਸਲੇ ਨੂੰ ਲੈ ਕੇ ਜਥੇਬੰਦੀ ਦੀ ਅਹਿਮ ਮੀਟਿੰਗ ਚੇਅਰਮੈਨ ਪ੍ਰੀਤਮੋਹਣ ਸਿੰਘ ਝੱਜੀਪਿੰਡ ਅਤੇ ਮੀਤ ਪ੍ਰਧਾਨ ਅਮਰਜੀਤ ਸਿੰਘ ਧੁੱਗਾ ਦੀ ਪ੍ਰਧਾਨਗੀ ਹੇਠ ਕੀਤੀ ਗਈ। ਆਗੂਆਂ ਨੇ ਕਿਹਾ ਕਿ ਜਥੇਬੰਦੀ ਦੇ ਸੂਬਾ ਪ੍ਰਧਾਨ ਖਿਲਾਫ਼ ਦਰਜ਼ ਕੇਸ ਝੂਠੇ ਤੱਥਾਂ ਦੇ ਆਧਾਰ ’ਤੇ ਦਰਜ ਕੀਤਾ ਗਿਆ ਹੈ ਤੇ ਇਹ ਸਰਕਾਰ ਵਲੋਂ ਸੰਘਰਸ਼ਸ਼ੀਲ ਜਥੇਬੰਦੀ ਨੂੰ ਦਬਾਉਣ ਦੀ ਕੋਸ਼ਿਸ਼ ਹੈ। ਕਿਸਾਨ ਇਸ ਨੂੰ ਬਰਦਾਸ਼ਤ ਨਹੀਂ ਕਰਨਗੇ।