ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

ਕੇਂਦਰੀ ਟੀਮ ਵੱਲੋਂ ਪਾਣੀ ਦੀ ਸੰਭਾਲ ਸਬੰਧੀ ਪ੍ਰਾਜੈਕਟਾਂ ਦਾ ਜਾਇਜ਼ਾ

ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ’ਤੇ ਜ਼ੋਰ ਦਿੱਤਾ
Advertisement

ਹਤਿੰਦਰ ਮਹਿਤਾ

ਜਲੰਧਰ, 21 ਜੂਨ

Advertisement

ਜਲ ਸ਼ਕਤੀ ਅਭਿਆਨ ਦੀ ਦੋ ਮੈਂਬਰੀ ਟੀਮ ਵੱਲੋਂ ਜ਼ਿਲ੍ਹੇ ਦਾ ਦੌਰਾ ਕਰਕੇ ਪਾਣੀ ਦੀ ਸੰਭਾਲ ਸਬੰਧੀ ਪ੍ਰਾਜੈਕਟਾਂ ਅਤੇ ਹੋਰ ਗਤੀਵਿਧੀਆਂ ਦਾ ਜਾਇਜ਼ਾ ਲਿਆ ਗਿਆ। ਕੇਂਦਰੀ ਟੀਮ ਵਿੱਚ ਵਿੱਤੀ ਸੇਵਾਵਾਂ ਵਿਭਾਗ ਦੇ ਡਾਇਰੈਕਟਰ ਤੇ ਜਲ ਸ਼ਕਤੀ ਅਭਿਆਨ ਲਈ ਕੇਂਦਰੀ ਨੋਡਲ ਅਫ਼ਸਰ ਵਿਵੇਕ ਗੁਪਤਾ ਅਤੇ ਕੇਂਦਰੀ ਜਲ ਕਮਿਸ਼ਨ ਦੇ ਡਿਪਟੀ ਡਾਇਰੈਕਟਰ ਤੇ ਤਕਨੀਕੀ ਅਫ਼ਸਰ ਸੰਜੀਵ ਕੁਮਾਰ ਸ਼ਾਮਲ ਸਨ। ਟੀਮ ਨੇ ਜ਼ਿਲ੍ਹੇ ਦੇ ਵੱਖ-ਵੱਖ ਪਿੰਡਾਂ ਤੇ ਸ਼ਹਿਰਾਂ ਦਾ ਦੌਰਾ ਕਰਕੇ ਪਾਣੀ ਦੀ ਸੰਭਾਲ ਸਬੰਧੀ ਕੀਤੇ ਜਾ ਰਹੇ ਯਤਨਾਂ ਦੀ ਸਮੀਖਿਆ ਕੀਤੀ।

ਕੇਂਦਰੀ ਟੀਮ ਨੇ ਬਿਆਸ ਪਿੰਡ ਵਿੱਚ ਨਹਿਰ ਨਾਲ ਪਿੰਡ ਦੇ ਛੱਪੜ ਦੀ ਲਿੰਕਿੰਗ, ਸ਼ਕਰਪੁਰ ਤੇ ਕਡਿਆਣਾ ਵਿੱਚ ਚੈੱਕ ਡੈਮ, ਪਿੰਡ ਅਲਾਵਲਪੁਰ ਦੇ ਕਮਿਊਨਿਟੀ ਸੈਂਟਰ ਵਿੱਚ ਰੇਨ ਵਾਟਰ ਹਾਰਵੈਸਟਿੰਗ ਸਿਸਟਮ, ਸਿਕੰਦਰਪੁਰ ਤੇ ਜੰਡੂ ਸਿੰਘਾ ਵਿਖੇ ਥਾਪਰ ਮਾਡਲ ਤਲਾਬ, ਸੁਰਾਨੁੱਸੀ ਵਿੱਚ ਜੰਗਲਾਤ ਵਿਭਾਗ ਦੀ ਨਰਸਰੀ, ਪਿੰਡ ਉਦੇਸੀਆਂ ’ਚ ਸੀਵਰੇਜ ਟਰੀਟਮੈਂਟ ਪਲਾਂਟ ਦੇ ਪਾਣੀ ਨਾਲ ਸਿੰਜਾਈ ਸਬੰਧੀ ਪ੍ਰਾਜੈਕਟ, ਪਿੰਡ ਨੰਗਲ ਜੀਵਨ ’ਚ ਕੈਨਾਲ ਰੀਚਾਰਜ ਸਕੀਮ, ਪਿੰਡ ਨੂਹਮਹਿਲ ਵਿਖੇ ਤੁਪਕਾ ਸਿੰਚਾਈ ਪ੍ਰਣਾਲੀ ਸਮੇਤ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਹੋਰ ਪ੍ਰਾਜੈਕਟਾਂ ਨੂੰ ਵਾਚਿਆ।

ਦੌਰੇ ਉਪਰੰਤ ਕੇਂਦਰੀ ਟੀਮ ਵੱਲੋਂ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਜ਼ਿਲ੍ਹਾ ਪ੍ਰਸ਼ਾਸਨਿਕ ਅਤੇ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਵਧੀਕ ਡਿਪਟੀ ਕਮਿਸ਼ਨਰ (ਜ) ਅਮਨਿੰਦਰ ਕੌਰ ਅਤੇ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਬੁੱਧੀ ਰਾਜ ਸਿੰਘ ਨੇ ਕੇਂਦਰੀ ਟੀਮ ਨੂੰ ਸਾਲ 2024-25 ਵਿੱਚ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਾਣੀ ਦੀ ਸੰਭਾਲ ਲਈ ਕੀਤੇ ਗਏ ਕਾਰਜਾਂ ਬਾਰੇ ਵਿਸਥਾਰ ਨਾਲ ਜਾਣੂ ਕਰਵਾਇਆ। ਇਸ ਤੋਂ ਇਲਾਵਾ ਦੱਸਿਆ ਕਿ ਸਾਲ 2025-26 ਦੌਰਾਨ ਹੁਣ ਤੱਕ 354 ਛੱਪੜਾਂ ਦੀ ਸਫਾਈ ਅਤੇ ਸੁਰਜੀਤੀਕਰਨ ਕੀਤਾ ਗਿਆ ਹੈ। ਇਸੇ ਤਰ੍ਹਾਂ 23 ਚੈੱਕ ਡੈਮਾਂ ਦੀ ਉਸਾਰੀ, 9 ਨਵੇਂ ਛੱਪੜਾਂ ਦਾ ਨਿਰਮਾਣ ਤੇ ਨਹਿਰਾਂ ਨਾਲ ਲਿੰਕਿੰਗ, 62 ਰੇਨ ਵਾਟਰ ਹਾਰਵੈਸਟਿੰਗ ਸਟਰਕਚਰਾਂ ਤੋਂ ਇਲਾਵਾ 70 ਸੌਕ ਪਿੱਟ ਵੀ ਬਣਾਏ ਗਏ ਹਨ।

ਕੇਂਦਰੀ ਟੀਮ ਨੇ ਜਲ ਸੰਭਾਲ ਖਾਸ ਕਰ ਮੀਂਹ ਦੇ ਪਾਣੀ ਦੀ ਸੁਚੱਜੀ ਵਰਤੋਂ ਸਬੰਧੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਜ਼ਿਲ੍ਹੇ ਵਿੱਚ ਚੱਲ ਰਹੇ ਅਜਿਹੇ ਹੋਰ ਪ੍ਰਾਜੈਕਟਾਂ ਨੂੰ ਸਮੇਂ ਸਿਰ ਮੁਕੰਮਲ ਕਰਨ ’ਤੇ ਜ਼ੋਰ ਦਿੱਤਾ। ਦੌਰੇ ਦੌਰਾਨ ਐਕਸੀਅਨ ਬਿਸਤ ਦੋਆਬ ਜਲੰਧਰ ਦਵਿੰਦਰ ਸਿੰਘ, ਐੱਸਡੀਓ ਗਰਾਊਂਡ ਵਾਟਰ ਜਗਵਿੰਦਰ ਸਿੰਘ, ਸਬ ਡਵੀਜ਼ਨਲ ਭੂਮੀ ਸੰਭਾਲ ਅਫਸਰ ਇੰਜ. ਲੁਪਿੰਦਰ ਕੁਮਾਰ ਅਤੇ ਭੂਮੀ ਸੰਭਾਲ ਅਫਸਰ ਅਮਰਜੀਤ ਸਿੰਘ ਮੌਜੂਦ ਸਨ।

Advertisement