ਕੰਢੀ ਖੇਤਰ ’ਚ ਮੱਕੀ ਦੀ ਫ਼ਸਲ ’ਤੇ ਸੁੰਡੀ ਦਾ ਹਮਲਾ
ਜਗਜੀਤ ਸਿੰਘ
ਹੁਸ਼ਿਆਰਪੁਰ, 10 ਜੁਲਾਈ
ਕੰਢੀ ਖੇਤਰ ਦੇ ਕਸਬਾ ਦਾਤਾਰਪੁਰ ਤੇ ਕਮਾਹੀ ਦੇਵੀ ਅਧੀਨ ਆਉਂਦੇ ਦਰਜਨਾਂ ਪਿੰਡਾਂ ਵਿੱਚ ਕਿਸਾਨਾਂ ਦੀ ਮੱਕੀ ਦੀ ਫ਼ਸਲ ’ਤੇ ਸੁੰਡੀ ਦਾ ਹਮਲਾ ਹੋ ਗਿਆ ਹੈ। ਕਿਸਾਨ ਗੈਰਮਿਆਰੀ ਮਹਿੰਗੀਆਂ ਕੀਟਨਾਸ਼ਕ ਦਵਾਈਆਂ ਖਰੀਦ ਕੇ ਲੁੱਟ ਦਾ ਸ਼ਿਕਾਰ ਹੋ ਰਹੇ ਹਨ। ਖੇਤੀਬਾੜੀ ਅਧਿਕਾਰੀ ਮੱਕੀ ਦੀ ਫਸਲ ਨੂੰ ਇਸ ਸੁੰਡੀ ਨੂੰ ਆਰਮੀ ਵਰਮ ਕੀਟ ਦੱਸ ਰਹੇ ਹਨ। ਕੰਢੀ ਦੇ ਕਿਸਾਨ ਪਿੰਡ ਬਹਿਮਾਵਾ ਦੇ ਪੰਚ ਯਸ਼ਪਾਲ ਸਿੰਘ, ਹੁਸ਼ਿਆਰ ਸਿੰਘ, ਰੇਸ਼ਮ ਸਿੰਘ, ਮਦਨ ਲਾਲ, ਵਿਜੇ ਸਿੰਘ, ਜਸਵੀਰ ਸਿੰਘ, ਕੈਪਟਨ ਹਰਿੰਦਰ ਸਿੰਘ ਆਦਿ ਨੇ ਦੱਸਿਆ ਕਿ ਕੰਢੀ ਵਿੱਚ ਮੱਕੀ ਦੀ ਫਸਲ ’ਤੇ ਹਰ ਸਾਲ ਹੋ ਰਹੇ ਲਗਾਤਾਰ ਹਮਲੇ ਕਾਰਨ ਉਹ ਤਬਾਹ ਹੁੰਦੇ ਜਾ ਰਹੇ ਹਨ। ਕੰਢੀ ਵਿੱਚ ਪਹਿਲਾਂ ਹੀ ਖੇਤੀ ਬਾਰਿਸ਼ ਦੇ ਪਾਣੀ ’ਤੇ ਨਿਰਭਰ ਹੈ ਅਤੇ ਕੁਝ ਥਾਵਾਂ ’ਤੇ ਸਰਕਾਰੀ ਟਿਊਬਵੈਲਾਂ ਸਹਾਰੇ ਖੇਤੀ ਹੁੰਦੀ ਹੈ। ਮੱਕੀ ਦੀ ਫਸਲ ’ਤੇ ਕਰੀਬ 5-6 ਸਾਲ ਪਹਿਲਾਂ ਸੁੰਡੀ ਦਾ ਹਮਲਾ ਹੋਇਆ ਸੀ। ਉਸ ਮੌਕੇ ਮੱਕੀ ਨੂੰ ਛੱਲੀ ਪੈਣ ਵਾਲੀ ਸੀ ਅਤੇ ਮਿੰਜਰ ਪੈ ਰਹੀ ਸੀ ਅਤੇ ਕਿਸਾਨਾ ਨੇ ਮੌਕੇ ’ਤੇ ਦਵਾਈ ਦਾ ਛਿੜਕਾਅ ਕਰਕੇ ਕੁਝ ਹੱਦ ਤੱਕ ਫ਼ਸਲ ਬਚਾ ਲਈ ਸੀ ਪਰ ਹੁਣ ਪਿਛਲੇ ਕਰੀਬ 3 ਸਾਲਾਂ ਤੋਂ ਅੱਧ ਵਿਚਾਲੇ ਹੀ ਸੁੰਡੀ ਹਮਲਾ ਕਰ ਦਿੰਦੀ ਹੈ ਅਤੇ ਹੁਣ ਇਸਨੇ ਆਪਣਾ ਸਰੂਪ ਬਦਲ ਲਿਆ ਹੈ।
ਹਾਲੇ ਮੱਕੀ ਕਰੀਬ 15-20 ਦਿਨ ਦੀ ਹੋਈ ਹੈ ਕਿ ਸੁੰਡੀ ਨੇ ਮੱਕੀ ਦੇ ਬੂਟੇ ਸਾਰੇ ਹੀ ਖਾ ਲਏ ਹਨ। ਪ੍ਰੇਸ਼ਾਨ ਕਿਸਾਨ ਬਾਜ਼ਾਰ ਵਿੱਚ ਮਹਿੰਗੇ ਮੁੱਲ ਦੀਆਂ ਦਵਾਈਆਂ ਖਰੀਦ ਕੇ ਧੜਾ ਧੜਾ ਪਾ ਰਹੇ ਹਨ, ਪਰ ਨਤੀਜਾ ਜ਼ੀਰੋ ਹੈ। ਕਿਸਾਨ ਜਦੋਂ ਖੇਤੀ ਦਫ਼ਤਰਾਂ ਵੱਲ ਜਾਂਦੇ ਹਨ ਤਾਂ ਕਮਾਹੀ ਦੇਵੀ ਅਤੇ ਦਾਤਾਰਪੁਰ ਵਿਚਲਾ ਖੇਤੀ ਦਫ਼ਤਰ ਤਾਂ ਜ਼ਿਆਦਾਤਰ ਬੰਦ ਹੀ ਮਿਲਦਾ ਹੈ, ਜੇਕਰ ਖੁੱਲ੍ਹਾ ਵੀ ਮਿਲੇ ਤਾਂ ਅਧਿਕਾਰੀ ਨਹੀਂ ਮਿਲਦੇ। ਜਿਸ ਕਾਰਨ ਉਨ੍ਹਾਂ ਨੂੰ ਗੈਰ ਮਿਆਰੀ ਕੀਟਨਾਸ਼ਕ ਦਵਾਈਆਂ ਵੇਚਣ ਵਾਲੇ ਦੁਕਾਨਦਾਰਾਂ ਦੀ ਲੁੱਟ ਦਾ ਸ਼ਿਕਾਰ ਹੋਣਾ ਪੈਂਦਾ ਹੈ। ਸਰਕਾਰ ਕਿਸਾਨਾਂ ਨੂੰ ਝੋਨੇ ਦੀ ਥਾਂ ਮੱਕੀ ਦੀ ਫਸਲ ਲਗਾਉਣ ਵੱਲ ਉਤਸ਼ਾਹਿਤ ਕਰ ਰਹੀ ਹੈ, ਪਰ ਜਿਹੜੇ ਕੰਢੀ ਵਿਚਲੇ ਕਿਸਾਨ ਕੇਵਲ ਮੱਕੀ ’ਤੇ ਹੀ ਨਿਰਭਰ ਹਨ, ਉਨ੍ਹਾਂ ਦੀ ਬਾਂਹ ਨਹੀਂ ਫੜ ਰਹੀ। ਇੱਕ ਕਿਸਾਨ ਨੇ ਦੱਸਿਆ ਕਿ ਉਹ ਕਰੀਬ 6 ਕਨਾਲ ਮੱਕੀ ’ਤੇ ਨਦੀਨਾਂ ਦੀ 2600 ਰੁਪਏ ਦੀ ਦਵਾਈ ਦਾ ਛਿੜਕਾਅ ਕਰ ਚੁੱਕਾ ਹੈ ਪਰ ਹੁਣ ਸੁੰਡੀ ਨੇ ਘੇਰ ਲਿਆ ਹੈ।
ਲਗਾਤਾਰ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ: ਅਧਿਕਾਰੀ
ਜ਼ਿਲ੍ਹਾ ਖੇਤੀਬਾੜੀ ਅਫਸਰ ਡਾ. ਦਪਿੰਦਰ ਸਿੰਘ ਨੇ ਕਿਹਾ ਕਿ ਕੰਢੀ ਵਿੱਚ ਮੱਕੀ ’ਤੇ ਸੁੰਡੀ ਦੇ ਹਮਲੇ ਨੇ ਮੌਸਮ ’ਚ ਤਬਦੀਲੀ ਕਾਰਨ ਆਪਣਾ ਸਰੂਪ ਤੇ ਹਮਲੇ ਦਾ ਸਮਾਂ ਬਦਲਿਆ ਹੈ, ਜਿਸ ਸਬੰਧੀ ਲਗਾਤਾਰ ਜਾਗਰੂਕਤਾ ਕੈਂਪ ਪਿੰਡਾਂ ਵਿੱਚ ਲਗਾਏ ਗਏ ਹਨ। ਕਿਸਾਨਾਂ ਨੂੰ ਦਵਾਈਆਂ ਦੇ ਛਿੜਕਾਅ ਕਰਨ ਬਾਰੇ ਸਲਾਹ ਦਿੱਤੀ ਜਾਂਦੀ ਹੈ। ਦਫ਼ਤਰਾਂ ਵਿੱਚ ਅਧਿਕਾਰੀਆਂ ਦੇ ਨਾ ਮਿਲਣ ਬਾਰੇ ਉਨ੍ਹਾਂ ਕਿਹਾ ਕਿ ਜ਼ਿਲ੍ਹੇ ਅੰਦਰ ਸਟਾਫ ਦੀ ਭਾਰੀ ਘਾਟ ਹੈ, ਪਰ ਉਹ ਹੇਠਲੇ ਦਫ਼ਤਰਾਂ ਵਿੱਚ ਖੇਤੀ ਮੁਲਾਜ਼ਮਾਂ ਦੀ ਹਾਜ਼ਰੀ ਯਕੀਨੀ ਬਣਾਉਣ ਲਈ ਹਦਾਇਤ ਕਰਨਗੇ।