ਠੱਗੀ ਮਾਰਨ ਵਾਲੇ ਟਰੈਵਲ ਏਜੰਟ ਖ਼ਿਲਾਫ਼ ਕੇਸ ਦਰਜ
ਪੱਤਰ ਪ੍ਰੇਰਕਜਲੰਧਰ, 7 ਜੁਲਾਈ
ਥਾਣਾ ਨੰਬਰ ਛੇ ਦੀ ਪੁਲੀਸ ਨੇ ਵਿਦੇਸ਼ ਭੇਜਣ ਦੇ ਨਾਮ ’ਤੇ ਲੱਖਾਂ ਰੁਪਏ ਦੀ ਧੋਖਾਧੜੀ ਦੇ ਸਬੰਧ ’ਚ ਮੁਲਜ਼ਮ ਟਰੈਵਲ ਏਜੰਟ ਵਿਰੁੱਧ ਧੋਖਾਧੜੀ ਦਾ ਮਾਮਲਾ ਦਰਜ ਕੀਤਾ ਹੈ। ਮੁਲਜ਼ਮ ਦੀ ਪਛਾਣ ਗੁਨੀਤ ਚਾਵਲਾ ਵਾਸੀ ਸੰਤ ਨਗਰ, ਜਲੰਧਰ ਵਜੋਂ ਹੋਈ ਹੈ ਜੋ ਇਸ ਸਮੇਂ ਫਰਾਰ ਹੈ। ਥਾਣਾ ਛੇ ਦੀ ਪੁਲੀਸ ਨੂੰ ਦਿੱਤੀ ਸ਼ਿਕਾਇਤ ’ਚ ਮੰਗਾ ਵਾਸੀ ਪਿੰਡ ਹੁਸੈਨਪੁਰ ਕਪੂਰਥਲਾ ਨੇ ਕਿਹਾ ਕਿ ਉਹ ਅਮਰੀਕਾ ਜਾਣਾ ਚਾਹੁੰਦਾ ਸੀ। ਇਸ ਦੌਰਾਨ ਉਸ ਦੀ ਮੁਲਾਕਾਤ ਟਰੈਵਲ ਏਜੰਟ ਗੁਨੀਤ ਚਾਵਲਾ ਨਾਲ ਹੋਈ, ਜਿਸ ਨੇ ਉਸ ਨੂੰ ਅਮਰੀਕਾ ਭੇਜਣ ਦਾ ਭਰੋਸਾ ਦਿੱਤਾ। ਬਦਲੇ ’ਚ ਚਾਵਲਾ ਨੇ 7 ਲੱਖ 50 ਹਜ਼ਾਰ ਰੁਪਏ ਦੀ ਮੰਗ ਕੀਤੀ, ਜੋ ਮੰਗਾ ਨੇ ਉਸ ਨੂੰ ਕਿਸ਼ਤਾਂ ’ਚ ਦੇ ਦਿੱਤੇ। ਕਾਫ਼ੀ ਸਮਾਂ ਬੀਤਣ ਦੇ ਬਾਵਜੂਦ, ਜਦੋਂ ਉਸ ਨੂੰ ਨਾ ਤਾਂ ਵੀਜ਼ਾ ਮਿਲਿਆ ਤੇ ਨਾ ਹੀ ਯਾਤਰਾ ਸਬੰਧੀ ਕੋਈ ਦਸਤਾਵੇਜ਼ ਮਿਲਿਆ ਤਾਂ ਉਸ ਨੂੰ ਅਹਿਸਾਸ ਹੋਇਆ ਕਿ ਉਸ ਨਾਲ ਧੋਖਾ ਹੋਇਆ ਹੈ। ਜਦੋਂ ਮੰਗਾ ਨੇ ਆਪਣੇ ਪੈਸੇ ਵਾਪਸ ਮੰਗਣ ਦੀ ਕੋਸ਼ਿਸ਼ ਕੀਤੀ ਤਾਂ ਗੁਨੀਤ ਨੇ ਬਹਾਨੇ ਬਣਾਉਣੇ ਸ਼ੁਰੂ ਕਰ ਦਿੱਤੇ ਅਤੇ ਬਾਅਦ ’ਚ ਸੰਪਰਕ ਵੀ ਤੋੜ ਦਿੱਤਾ। ਅੰਤ ’ਚ ਪੀੜਤ ਨੇ ਪੁਲੀਸ ਸਟੇਸ਼ਨ ਡਵੀਜ਼ਨ ਨੰਬਰ 6 ’ਚ ਸ਼ਿਕਾਇਤ ਦਰਜ ਕਰਵਾਈ, ਜਿਸ ਦੇ ਆਧਾਰ ’ਤੇ ਪੁਲੀਸ ਨੇ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਪੁਲੀਸ ਮੁਲਜ਼ਮ ਦੀ ਭਾਲ ਕਰ ਰਹੀ ਹੈ ਤੇ ਉਸ ਨੂੰ ਜਲਦੀ ਹੀ ਗ੍ਰਿਫ਼ਤਾਰ ਕਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ।