ਪਰਾਲੀ ਨੂੰ ਅੱਗ ਲਾਉਣ ਖ਼ਿਲਾਫ਼ ਕੇਸ
ਤਰਨ ਤਾਰਨ: ਸੈਟੇਲਾਈਟ ਤੋਂ ਪੁਲੀਸ ਕੰਟਰੋਲ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਇਲਾਕੇ ਦੇ ਇਕ ਕਿਸਾਨ ਖ਼ਿਲਾਫ਼ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਸਬੰਧੀ ਬੀਤੇ ਦਿਨ ਇਕ ਕੇਸ ਦਰਜ ਕੀਤਾ ਗਿਆ ਹੈ| ਜ਼ਿਲ੍ਹੇ ਅੰਦਰ ਇਹ ਪਹਿਲਾਂ ਅਜਿਹਾ...
ਤਰਨ ਤਾਰਨ: ਸੈਟੇਲਾਈਟ ਤੋਂ ਪੁਲੀਸ ਕੰਟਰੋਲ ਨੂੰ ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਸਰਾਏ ਅਮਾਨਤ ਇਲਾਕੇ ਦੇ ਇਕ ਕਿਸਾਨ ਖ਼ਿਲਾਫ਼ ਝੋਨੇ ਦੀ ਪਰਾਲੀ ਅਤੇ ਰਹਿੰਦ-ਖੂੰਹਦ ਨੂੰ ਅੱਗ ਲਗਾਉਣ ਸਬੰਧੀ ਬੀਤੇ ਦਿਨ ਇਕ ਕੇਸ ਦਰਜ ਕੀਤਾ ਗਿਆ ਹੈ| ਜ਼ਿਲ੍ਹੇ ਅੰਦਰ ਇਹ ਪਹਿਲਾਂ ਅਜਿਹਾ ਕੇਸ ਹੈ| ਥਾਣਾ ਦੇ ਏ ਐਸ ਆਈ ਗੁਰਸਾਹਿਬ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਪੁਲੀਸ ਕੰਟਰੋਲ ਦੀਆਂ ਹਦਾਇਤਾਂ ’ਤੇ ਕਸੇਲ ਪਿੰਡ ਦੇ ਕਿਸਾਨ ਖ਼ਿਲਾਫ਼ ਬੀ ਐਨ ਐਸ ਦੀ ਦਫ਼ਾ 223 ਅਧੀਨ ਇੱਕ ਕੇਸ ਦਰਜ ਕੀਤਾ ਗਿਆ ਹੈ| ਪੁਲੀਸ ਦੇ ਕਿਸਾਨ ਆਈ ਸਨਾਖਤ ਅਜੇ ਕਰਨੀ ਹੈ| -ਪੱਤਰ ਪ੍ਰੇਰਕ
ਮੁੱਖ ਮੰਤਰੀ ਸਿਹਤ ਯੋਜਨਾ ਰਜਿਸਟ੍ਰੇਸ਼ਨ ਨੂੰ ਭਰਵਾਂ ਹੁੰਗਾਰਾ
ਤਰਨ ਤਾਰਨ: ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਚਲਾਈ ਮੁਹਿੰਮ ‘ਮੁੱਖ ਮੰਤਰੀ ਸਿਹਤ ਯੋਜਨਾ’ ਨੂੰ ਜ਼ਿਲ੍ਹੇ ਅੰਦਰ ਭਰਵਾਂ ਹੁੰਗਾਰਾ ਮਿਲ ਰਿਹਾ ਹੈ| ਸਿਵਲ ਸਰਜਨ ਡਾ. ਗੁਰਪ੍ਰੀਤ ਸਿੰਘ ਰਾਏ ਅਤੇ ਡਿਪਟੀ ਮੈਡੀਕਲ ਕਮਿਸ਼ਨਰ ਰੂਪਮ ਚੌਧਰੀ ਨੇ ਅੱਜ ਇਥੇ ਦੱਸਿਆ ਕਿ ਤਰਨ ਤਾਰਨ ਦੇ ਬਲਾਕਾਂ ਝਬਾਲ ਅਤੇ ਕਸੇਲ ਤੋਂਇਲਾਵਾ ਤਰਨ ਤਾਰਨ ਸ਼ਹਿਰੀ ਦੇ 25 ਵਾਰਡਾਂ ਵਿੱਚ ਮੁੱਖ ਮੰਤਰੀ ਸਿਹਤ ਯੋਜਨਾ ਦੀ ਰਜਿਸਟ੍ਰੇਸ਼ਨ ਪ੍ਰਕਿਰਿਆ ਵਿੱਚ ਵੱਡੀ ਗਿਣਤੀ ਵਿੱਚ ਆਮ ਨਾਗਰਿਕ ਆਪਣੀ ਰਜਿਸਟ੍ਰੇਸ਼ਨ ਕਰਵਾ ਰਹੇ ਹਨ| ਅਧਿਕਾਰੀਆਂ ਦੱਸਿਆ ਕਿ ਇਸ ਯੋਜਨਾ ਤਹਿਤ ਆਮ ਲੋਕਾਂ ਨੂੰ ਦਸ ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਕਰਵਾਉਣ ਦੀ ਸਹੂਲਤ ਮਿਲੇਗੀ| ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਅੰਦਰ ਕੁੱਲ 132 ਕੈਂਪ ਲਗਾਏ ਜਾ ਰਹੇ ਹਨ, ਜਿੱਥੇ ਨਾਗਰਿਕ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਲਈ ਆਧਾਰ ਕਾਰਡ ਅਤੇ ਵੋਟਰ ਆਈਡੀ ਕਾਰਡ ਲੈ ਕੇ ਆਉਣ ਅਤੇ ਆਪਰੇਟਰਪਾਸੋਂ ਆਪਣੀ ਰਜਿਸਟ੍ਰੇਸ਼ਨ ਕਰਵਾਉਣ। -ਪੱਤਰ ਪ੍ਰੇਰਕ
ਕਈ ਮੋਹਤਬਰ ‘ਆਪ’ ਵਿੱਚ ਸ਼ਾਮਲ
ਫਿਲੌਰ: ਆਮ ਆਦਮੀ ਪਾਰਟੀ ਹਲਕਾ ਫਿਲੌਰ ਨੂੰ ਉਸ ਸਮੇਂ ਭਰਵਾਂ ਹੁੰਗਾਰਾ ਮਿਲਿਆ ਜਦੋਂ ਵੱਖ-ਵੱਖ ਪਾਰਟੀਆਂ ਨੂੰ ਛੱਡ ਕੇ ਪਿੰਡ ਕਤਪਾਲੋਂ ਦੇ ਕਈ ਮੋਹਤਬਰ ਆਮ ਆਦਮੀ ਪਾਰਟੀ ’ਚ ਸ਼ਾਮਲ ਹੋਏ। ਇਨ੍ਹਾਂ ਵਿੱਚ ਪਿਆਰਾ ਰਾਮ, ਮਹਿੰਦਰ ਕੌਰ ਸਰਪੰਚ, ਸੰਤੋਖ ਸਿੰਘ ਪੰਚ, ਜਸਵੀਰ ਪਾਲ ਪੰਚ, ਸੁਰਜੀਤ ਕੌਰ ਪੰਚ, ਅਮਰਜੀਤ ਪੰਚ, ਭੁਪਿੰਦਰ ਰਾਮ, ਕਮਲਾ ਦੇਵੀ ਪੰਚ, ਸੁਰਿੰਦਰਪਾਲ ਲਾਡੀ ਸਾਬਕਾ ਸਰਪੰਚ, ਭਿੰਦਾ ਜੱਖੂ ਆਦਿ ਸ਼ਾਮਲ ਸਨ। ਇਨ੍ਹਾਂ ਨੂੰ ਹਲਕਾ ਫਿਲੌਰ ਦੇ ਇੰਚਾਰਜ ਪ੍ਰਿੰਸੀਪਲ ਪ੍ਰੇਮ ਕੁਮਾਰ, ਜ਼ਿਲ੍ਹਾ ਜਲੰਧਰ ਦਿਹਾਤੀ ਦੇ ਪ੍ਰਧਾਨ ਪ੍ਰਦੀਪ ਦੁੱਗਲ, ਯੂਥ ਕੋਆਰਡੀਨੇਟਰ ਵੈਭਵ ਸ਼ਰਮਾ ਨੇ ਪਾਰਟੀ ਵਿੱਚ ਸ਼ਾਮਲ ਕਰਵਾਇਆ। ਇਸ ਮੌਕੇ ਆਗੂਆਂ ਨੇ ਯਕੀਨ ਦਿਵਾਇਆ ਕਿ ਪਾਰਟੀ ’ਚ ਸ਼ਾਮਲ ਹੋਣ ਵਾਲਿਆਂ ਨੂੰ ਬਣਦਾ ਮਾਣ-ਸਨਮਾਨ ਦਿੱਤਾ ਜਾਵੇਗਾ। ਇਸ ਮੌਕੇ ਜਗਤ ਰਾਮ ਭੱਟੀ, ਬਲਰਾਜ ਸਿੰਘ, ਕੁਲਦੀਪ ਸਿੰਘ ਸਮੇਤ ਪਾਰਟੀ ਦੀ ਹੋਰ ਅਹੁਦੇਦਾਰ ਹਾਜ਼ਰ ਸਨ। -ਪੱਤਰ ਪ੍ਰੇਰਕ
ਸਾਂਝੇ ਅਪਰੇਸ਼ਨ ’ਚ ਦੋ ਨਸ਼ਾ ਤਸਕਰ ਕਾਬੂ
ਅੰਮ੍ਰਿਤਸਰ: ਸੀਮਾ ਸੁਰੱਖਿਆ ਬਲ (ਬੀ ਐੱਸ ਐੱਫ) ਅਤੇ ਨਾਰਕੋਟਿਕਸ ਕੰਟਰੋਲ ਬਿਊਰੋ (ਐੱਨ ਸੀ ਬੀ) ਨੇ ਇੱਕ ਸਾਂਝੇ ਅਪਰੇਸ਼ਨ ਤਹਿਤ ਬੀਤੀ ਸ਼ਾਮ ਅੰਮ੍ਰਿਤਸਰ ਸਰਹੱਦੀ ਖੇਤਰ ਵਿੱਚੋਂ ਦੋ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਮੁਲਜ਼ਮਾਂ ਕੋਲੋਂ 365 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ ਅਤੇ ਨਾਜਾਇਜ਼ ਕਾਰਵਾਈ ਵਿੱਚ ਵਰਤਿਆ ਮੋਟਰਸਾਈਕਲ ਵੀ ਬਰਾਮਦ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਅਕਾਸਬੀਰ ਅਤੇ ਜੋਧਬੀਰ ਸਿੰਘ ਵਜੋਂ ਹੋਈ ਹੈ, ਦੋਵੇਂ ਅੰਮ੍ਰਿਤਸਰ ਦੇ ਪਿੰਡ ਚਵਿੰਡਾ ਖੁਰਦ ਦੇ ਰਹਿਣ ਵਾਲੇ ਹਨ। ਐੱਨ ਸੀ ਬੀ ਸੂਤਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਧੇਰੇ ਪੁਛਗਿਛ ਵਾਸਤੇ ਪੁਲੀਸ ਰਿਮਾਂਡ ਲੈਣ ਵਾਸਤੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ, ਜਦੋਂਕਿ ਉਨ੍ਹਾਂ ਕੋਲੋਂ ਕੀਤੀ ਮੁੱਢਲੀ ਜਾਂਚ ਦੌਰਾਨ ਕੁਝ ਵੱਡੇ ਨਾਮ ਸਾਹਮਣੇ ਆਏ ਹਨ। ਦੋਵੇਂ ਸ਼ੱਕੀ ਇਸ ਸਮੇਂ ਐੱਨ ਸੀ ਬੀ ਦੀ ਹਿਰਾਸਤ ਵਿੱਚ ਹਨ। -ਟਨਸ
ਕਾਂਗਰਸ ਵੱਲੋਂ ਧਰਨਾ ਅੱਜ
ਸ਼ਾਹਕੋਟ: ਪੰਜਾਬ ਪ੍ਰਦੇਸ ਕਾਂਗਰਸ ਦੇ ਸੂਬਾਈ ਬੁਲਾਰੇ ਡਾ. ਨਵਜੋਤ ਸਿੰਘ ਦਾਹੀਆ ਨੇ ਕਿਹਾ ਕਿ ਪੁਲੀਸ ਵੱਲੋਂ ਕਾਂਗਰਸੀ ਵਰਕਰਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਸੱਤਾਧਾਰੀ ਧਿਰ ਦੀ ਨਕੋਦਰ ਦੀ ਵਿਧਾਇਕਾ ’ਤੇ ਕਾਂਗਰਸੀ ਵਰਕਰਾਂ ਖ਼ਿਲਾਫ਼ ਝੂਠੇ ਮੁਕੱਦਮੇ ਦਰਜ ਕਰਵਾਉਣ ਅਤੇ ਕਾਂਗਰਸੀ ਪੰਚਾਇਤਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਸਰਕਾਰੀ ਦਫ਼ਤਰਾਂ ਵਿਚ ਬੁਲਾ ਕੇ ਤੰਗ-ਪ੍ਰੇਸ਼ਾਨ ਕਰਨ ਦੇ ਦੋਸ਼ ਲਾਏ। ਉਨ੍ਹਾਂ ਐਲਾਨ ਕੀਤਾ ਕਿ ਉਹ 25 ਸਤੰਬਰ ਨੂੰ ਡੀ ਐੱਸ ਪੀ ਨਕੋਦਰ ਦੇ ਦਫ਼ਤਰ ਅੱਗੇ ਧਰਨਾ ਦੇ ਕੇ ਕਿ ਧੱਕੇਸ਼ਾਹੀਆਂ ਦਾ ਜਵਾਬ ਦੇਣਗੇ। ਜੇਕਰ ਉਨ੍ਹਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਇਹ ਧਰਨਾ ਵਿਧਾਇਕਾ ਦੇ ਘਰ ਅੱਗੇ ਤਬਦੀਲ ਕੀਤਾ ਜਾਵੇਗਾ। ਇਸ ਮੌਕੇ ਹੈਪੀ ਸੰਧੂ, ਤਰਲੋਚਨ ਸਿੰਘ ਸੰਘਾ, ਮੁਖਤਿਆਰ ਸਿੰਘ ਹੇਅਰ, ਬਲਜੀਤ ਸਿੰਘ ਜੌਹਲ ਅਤੇ ਨਵਨੀਤ ਨੀਤਾ ਵੀ ਉਨ੍ਹਾਂ ਦੇ ਨਾਲ ਸਨ। -ਪੱਤਰ ਪ੍ਰੇਰਕ
ਮੁਲਜ਼ਮ ਫ਼ਰਾਰ, ਥਾਣੇਦਾਰ ਖ਼ਿਲਾਫ਼ ਕੇਸ ਦਰਜ
ਫਗਵਾੜਾ: ਹਿਰਾਸਤ ਵਿੱਚੋਂ ਮੁਲਜ਼ਮ ਫ਼ਰਾਰ ਹੋਣ ਦੇ ਮਾਮਲੇ ਵਿੱਚ ਸਿਟੀ ਪੁਲੀਸ ਨੇ ਇੱਕ ਥਾਣੇਦਾਰ ਤੇ ਮੁਲਜ਼ਮ ਖ਼ਿਲਾਫ਼ ਬੀ ਐੱਨ ਐੱਸ ਐਕਟ ਦੀਆਂ ਧਾਰਾਵਾਂ 261, 262 ਤਹਿਤ ਕੇਸ ਦਰਜ ਕੀਤਾ ਹੈ। ਐੱਸ ਐੱਚ ਓ ਸਿਟੀ ਊਸ਼ਾ ਰਾਣੀ ਨੇ ਦੱਸਿਆ ਕਿ 19 ਸਤੰਬਰ ਨੂੰ ਪੁਲੀਸ ਵਲੋਂ ਨਵੀ ਕੁਮਾਰ ਉਰਫ਼ ਬੱਲੜ ਉਰਫ਼ ਨਵ ਪੁੱਤਰ ਬੀਰਬਲ ਵਾਸੀ ਖੋਥੜਾ ਨੂੰ ਇੱਕ ਗ੍ਰਿਫ਼ਤਾਰ ਕਰ ਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਸੀ ਤੇ ਉਕਤ ਵਿਅਕਤੀ ਥਾਣੇਦਾਰ ਜਸਵੰਤ ਸਿੰਘ ਦੀ ਹਿਰਾਸਤ ਵਿੱਚ ਸੀ। ਉਹ ਉਸ ਦੀ ਹਿਰਾਸਤ ਵਿੱਚੋਂ ਭੱਜ ਗਿਆ। ਇਸ ਸਬੰਧੀ ਪੁਲੀਸ ਨੇ ਨਵੀ ਕੁਮਾਰ ਉਰਫ਼ ਬੱਲੜ ਤੇ ਥਾਣੇਦਾਰ ਜਸਵੰਤ ਸਿੰਘ ਵਾਸੀ ਕਪੂਰਥਲਾ ਖਿਲਾਫ਼ ਕੇਸ ਦਰਜ ਕੀਤਾ ਹੈ। ਪੁਲੀਸ ਨੇ ਕਿਹਾ ਅਗਲੀ ਕਾਰਵਾਈ ਜਲਦੀ ਹੀ ਕੀਤੀ ਜਾਵੇਗੀ। -ਪੱਤਰ ਪ੍ਰੇਰਕ
ਤਿੰਨ ਗ੍ਰਾਮ ਹੈਰੋਇਨ ਸਣੇ ਕਾਬੂ
ਬਲਾਚੌਰ: ਕਾਠਗੜ੍ਹ ਪੁਲੀਸ ਨੇ ਇਕ ਕਾਰ ਚਾਲਕ ਨੂੰ ਤਿੰਨ ਗ੍ਰਾਮ ਹੈਰੋਇਨ ਸਣੇ ਕਾਬੂ ਕੀਤਾ ਹੈ। ਮਾਮਲੇ ਦੇ ਜਾਂਚ ਅਧਿਕਾਰੀ ਏਐਸਆਈ ਰਾਜ ਕੁਮਾਰ ਦੱਸਿਆ ਕਿ ਪੁਲੀਸ ਪਾਰਟੀ ਕਾਠਗੜ੍ਹ ਖੱਡ ਵੱਲ ਗਸ਼ਤ ਕਰ ਰਹੀ ਸੀ। ਇਸ ਦੌਰਾਨ ਸਿਵਲ ਹਸਪਤਾਲ ਕੋਲ ਪੁਲੀਸ ਪਾਰਟੀ ਨੂੰ ਦੇਖ ਕੇ ਕਾਰ ਚਾਲਕ ਨੇ ਭੱਜਣ ਦੀ ਕੋੋਸ਼ਿਸ਼ ਕੀਤੀ। ਕਾਬੂ ਕਰਕੇ ਜਦੋਂ ਕਾਰ ਦੀ ਚੈਕਿੰਗ ਕੀਤੀ ਤਾਂ ਤਿੰਨ ਗ੍ਰਾਮ ਹੈਰੋਇਨ ਬਰਾਮਦ ਹੋਈ। ਮੁਲਜ਼ਮ ਦੀ ਪਛਾਣ ਤਰੁਣ ਸ਼ਰਮਾ ਉਰਫ ਤਰੁਣ ਵਾਸੀ ਮਹਿਮੂਦਪੁਰ ਗਾਦੜੀਆਂ ਥਾਣਾ ਬਲਾਚੌਰ ਵਜੋਂ ਹੋਈ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਰਿਮਾਂਡ ਲੈ ਕੇ ਹੋਰ ਪੁੱਛ-ਪੜਤਾਲ ਕੀਤੀ ਜਾਵੇਗੀ। -ਪੱਤਰ ਪ੍ਰੇਰਕ
ਨਸ਼ੀਲੇ ਪਦਾਰਥਾਂ ਸਣੇ ਦੋ ਗ੍ਰਿਫ਼ਤਾਰ
ਦਸੂਹਾ: ਇਥੇ ਥਾਣਾ ਮੁਖੀ ਬਲਜਿੰਦਰ ਸਿੰਘ ਮੱਲੀ ਦੀ ਅਗਵਾਈ ਹੇਠ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ‘ਯੁੱਧ ਨਸ਼ਿਆਂ ਵਿਰੁਧ’ ਤਹਿਤ ਪੁਲੀਸ ਨੇ ਦੋ ਮੁਲਜ਼ਮਾਂ ਨੂੰ ਨਸ਼ੀਲੇ ਪਦਾਰਥਾਂ ਸਮੇਤ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਲਵਪ੍ਰੀਤ ਸਿੰਘ ਵਾਸੀ ਵੇਰਕਾ ਜ਼ਿਲ੍ਹਾ ਅਮ੍ਰਿਤਸਰ ਤੇ ਸਰਬਜੀਤ ਸਿੰਘ ਉਰਫ਼ ਤਾਜੀ ਵਾਸੀ ਨਿਹਾਲ ਪੁਰ ਥਾਣਾ ਦਸੂਹਾ ਵਜੋਂ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਪੁਲੀਸ ਪਾਰਟੀ ਵੱਲੋਂ ਐੱਸ ਆਈ ਪਰਮਜੀਤ ਸਿੰਘ ਦੀ ਅਗਵਾਈ ਹੇਠ ਨਾਕਾਬੰਦੀ ਦੌਰਾਨ ਲਵਪ੍ਰੀਤ ਸਿੰਘ ਨੂੰ 10.46 ਗ੍ਰਾਮ ਹੈਰੋਇਨ ਅਤੇ ਸਰਬਜੀਤ ਸਿੰਘ ਉਰਫ ਤਾਜੀ ਨੂੰ 30 ਖੁੱਲੀਆਂ ਨਸ਼ੀਲੀਆਂ ਗੋਲੀਆਂ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ। ਮੁਲਜ਼ਮਾਂ ਖ਼ਿਲਾਫ਼ ਐੱਨ ਡੀ ਪੀ ਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। -ਪੱਤਰ ਪ੍ਰੇਰਕ
ਪ੍ਰਕਾਸ਼ ਪੁਰਬ ਸਬੰਧੀ ਮੀਟਿੰਗ
ਅੰਮ੍ਰਿਤਸਰ: ਅੰਮ੍ਰਿਤਸਰ ਸ਼ਹਿਰ ਦੇ ਬਾਨੀ ਅਤੇ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਦੇ ਪ੍ਰਕਾਸ਼ ਪੁਰਬ ਮੌਕੇ ਕੀਤੇ ਜਾਣ ਵਾਲੇ ਸਮਾਗਮਾਂ ਦੇ ਪ੍ਰਬੰਧਾਂ ਸਬੰਧੀ ਸ਼੍ਰੋਮਣੀ ਕਮੇਟੀ ਮੈਂਬਰ ਤੇ ਅਧਿਕਾਰੀਆਂ ਨੇ ਜ਼ਿਲ੍ਹਾ ਸਿਵਲ ਪ੍ਰਸ਼ਾਸਨ ਅਤੇ ਪੁਲੀਸ ਅਧਿਕਾਰੀਆਂ ਨਾਲ ਮੀਟਿੰਗ ਕੀਤੀ। ਇਸ ਵਿੱਚ ਸ੍ਰੀ ਦਰਬਾਰ ਸਾਹਿਬ ਨੂੰ ਆਉਂਦੇ ਰਸਤਿਆਂ ਅਤੇ ਗੁਰੂ ਨਗਰੀ ਵਿਚ ਸਾਫ਼-ਸਫ਼ਾਈ, ਟਰੈਫ਼ਿਕ ਸਮੇਤ ਹੋਰ ਅਹਿਮ ਮਸਲਿਆਂ ਨੂੰ ਵਿਚਾਰਿਆ ਗਿਆ। ਇਸ ਸਬੰਧੀ ਮੀਟਿੰਗ ’ਚ ਸ਼੍ਰੋਮਣੀ ਕਮੇਟੀ ਦੇ ਅੰਤ੍ਰਿੰਗ ਕਮੇਟੀ ਮੈਂਬਰ ਸੁਰਜੀਤ ਸਿੰਘ ਤੁਗਲਵਾਲ, ਬਾਵਾ ਸਿੰਘ ਗੁਮਾਨਪੁਰਾ, ਸਕੱਤਰ ਪ੍ਰਤਾਪ ਸਿੰਘ, ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਭਗਵੰਤ ਸਿੰਘ ਧੰਗੇੜਾ, ਨਗਰ ਨਿਗਮ ਦੇ ਕਮਿਸ਼ਨ ਬਿਕਰਮਜੀਤ ਸਿੰਘ ਸ਼ੇਰਗਿੱਲ, ਐਸਡੀਐਮ ਗੁਰਸਿਮਰਨ ਸਿੰਘ, ਤਹਿਸੀਲਦਾਰ ਅੰਗਦਪ੍ਰੀਤ ਸਿੰਘ, ਨਗਰ ਨਿਗਮ ਦੇ ਜੁਆਇੰਟ ਕਮਿਸ਼ਨਰ ਜੈਇੰਦਰ ਸਿੰਘ, ਡੀਸੀਪੀ ਸਿਟੀ ਜਗਜੀਤ ਸਿੰਘ ਵਾਲੀਆ, ਏਡੀਸੀਪੀ ਹਰਪਾਲ ਸਿੰਘ ਤੇ ਅਮਨਦੀਪ ਕੌਰ ਸਮੇਤ ਹੋਰ ਅਧਿਕਾਰੀ ਸ਼ਾਮਲ ਸਨ। -ਟਨਸ