ਗੁਰੂ ਘਰਾਂ ਦੀ ਬੇਅਦਬੀ ਖ਼ਿਲਾਫ਼ ਬਸਪਾ ਕਰੇਗੀ ਸੂਬਾਈ ਰੈਲੀ
ਗੁਰੂ ਘਰਾਂ ਦੀ ਕੀਤੀ ਜਾ ਰਹੀ ਬੇਅਦਬੀ ਦੇ ਵਿਰੋਧ ’ਚ ਬਹੁਜਨ ਸਮਾਜ ਪਾਰਟੀ ਵੱਲੋਂ ਇੱਥੇ 9 ਅਕਤੂਬਰ ਨੂੰ ਸੂਬਾ ਪੱਧਰੀ ਰੈਲੀ ਕਰਨ ਦਾ ਐਲਾਨ ਕੀਤਾ ਹੈ। ਅੱਜ ਇੱਥੇ ਪਿੰਡ ਧੁਲੇਤਾ ਦੇ ਸ੍ਰੀ ਗੁਰੂ ਰਵਿਦਾਸ ਗੁਰੂ ਘਰ ਦੀਆਂ ਕੰਧਾਂ ਨੂੰ ਢਾਹੁਣ ਦੇ ਵਿਰੋਧ ’ਚ ਕੀਤੇ ਪ੍ਰਦਰਸ਼ਨ ਨੂੰ ਸੰਬੋਧਨ ਕਰਦਿਆਂ ਬਸਪਾ ਸੂਬਾ ਪ੍ਰਧਾਨ ਡਾ. ਅਵਤਾਰ ਸਿੰਘ ਕਰੀਮਪੁਰੀ ਨੇ ਇਹ ਐਲਾਨ ਕੀਤਾ।
ਉਨ੍ਹਾਂ ਕਿਹਾ ਕਿ 9 ਅਕਤੂਬਰ ਨੂੰ ਬਸਪਾ ਸੰਸਥਾਪਕ ਕਾਂਸ਼ੀ ਰਾਮ ਦਾ ਪ੍ਰੀ-ਨਿਰਵਾਣ ਦਿਵਸ ਹੈ ਤੇ ਇਸ ਦਿਨ ਵਿਸ਼ਾਲ ਇਕੱਠ ਕੀਤਾ ਜਾਵੇਗਾ। ਡਾ. ਕਰੀਮਪੁਰੀ ਨੇ ਕਿਹਾ ਕਿ ਪਿੰਡ ਧੁਲੇਤਾ ’ਚ ਸਰਕਾਰ ਤੇ ਜ਼ਿਲ੍ਹਾ ਪ੍ਰਸ਼ਾਸਨ ਨੇ ਗੁਰੂ ਘਰ ਦੀਆਂ ਕੰਧਾਂ ਨੂੰ ਧੱਕੇ ਨਾਲ ਢਾਹ ਕੇ ਗੁਰੂ ਰਵਿਦਾਸ ਨਾਮਲੇਵਾ ਸੰਗਤ ਨਾਲ ਧੱਕੇਸ਼ਾਹੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਗੁਰੂ ਰਵਿਦਾਸ ਗੁਰੂ ਘਰ ਪਹਿਲਾਂ ਵਾਲੀ ਸਥਿਤੀ ਵਿੱਚ ਨਹੀਂ ਬਣ ਜਾਂਦਾ, ਉਦੋਂ ਤੱਕ ਬਸਪਾ ਰੁਕਣ ਵਾਲੀ ਨਹੀਂ ਹੈ ਤੇ ਇਸ ਮਾਮਲੇ ਨੂੰ ਵੱਡੇ ਪੱਧਰ ’ਤੇ ਲੋਕਾਂ ’ਚ ਲੈ ਕੇ ਜਾਵੇਗੀ। ਡਾ. ਕਰੀਮਪੁਰੀ ਨੇ ਅੱਗੇ ਕਿਹਾ ਕਿ ਜਲੰਧਰ ਦਿਹਾਤੀ ਪੁਲੀਸ ਦੇ ਖੇਤਰ ’ਚ ਲਗਾਤਾਰ ਲੋਕਾਂ ਤੇ ਖਾਸ ਕਰ ਦਲਿਤਾਂ ਖਿਲਾਫ ਝੂਠੇ ਪਰਚੇ ਕੀਤੇ ਜਾ ਰਹੇ ਹਨ। ਇਸ ਮੌਕੇ ਬਸਪਾ ਸੂਬਾ ਇੰਚਾਰਜ ਤੇ ਨਵਾਂਸ਼ਹਿਰ ਤੋਂ ਵਿਧਾਇਕ ਡਾ. ਨਛੱਤਰ ਪਾਲ ਨੇ ਵੀ ਗੁਰੂ ਘਰਾਂ ਦੀਆਂ ਬੇਅਦਬੀ ਦੀਆਂ ਘਟਨਾਵਾਂ ਦੀ ਨਿੰਦਾ ਕੀਤੀ ਤੇ ਕਿਹਾ ਕਿ ਬਸਪਾ ਅਜਿਹੀ ਧੱਕੇਸ਼ਾਹੀ ਨਹੀਂ ਹੋਣ ਦੇਵੇਗੀ। ਇਸ ਧਰਨੇ ਪ੍ਰਦਰਸ਼ਨ ਨੂੰ ਬਸਪਾ ਸੂਬਾ ਇੰਚਾਰਜ ਚੌਧਰੀ ਗੁਰਨਾਮ ਸਿੰਘ, ਤੀਰਥ ਰਾਜਪੁਰਾ, ਸੂਬਾ ਜਨਰਲ ਸਕੱਤਰ ਐਡਵੋਕੇਟ ਬਲਵਿੰਦਰ ਕੁਮਾਰ, ਗੁਰਮੇਲ ਚੁੰਬਰ, ਲਾਲ ਚੰਦ ਔਜਲਾ, ਪਰਵੀਨ ਬੰਗਾ, ਰਾਕੇਸ਼ ਦਤਾਰਪੁਰੀ, ਖ਼ੁਸ਼ੀ ਰਾਮ ਸਰਪੰਚ, ਸੁਖਵਿੰਦਰ ਬਿੱਟੂ, ਸੁਸ਼ੀਲ ਵਿਰਦੀ, ਆਦਿ ਨੇ ਵੀ ਸੰਬੋਧਨ ਕੀਤਾ।