ਬਸਪਾ ਨੇ ‘ਸੰਵਿਧਾਨ ਬਚਾਓ’ ਸੂਬਾਈ ਮਹਾਪੰਚਾਇਤ ਸੱਦੀ
ਨਿੱਜੀ ਪੱਤਰ ਪ੍ਰੇਰਕ
ਨਵਾਂ ਸ਼ਹਿਰ, 25 ਸਤੰਬਰ
ਦੇਸ਼ ਦੇ ਸੰਵਿਧਾਨ ਨੂੰ ਬਚਾਉਣ ਦਾ ਹੋਕਾ ਦਿੰਦਿਆਂ ਬਹੁਜਨ ਸਮਾਜ ਪਾਰਟੀ ਵੱਲੋਂ 9 ਅਕਤੂਬਰ ਨੂੰ ਹੁਸ਼ਿਆਰਪੁਰ ਵਿਚ ‘ਸੰਵਿਧਾਨ ਬਚਾਓ’ ਸੂਬਾ ਪੱਧਰੀ ਮਹਾਪੰਚਾਇਤ ਸੱਦੀ ਗਈ ਹੈ। ਇਸ ਸਬੰਧੀ ਪਾਰਟੀ ਦੇ ਸੂਬਾ ਪ੍ਰਧਾਨ ਜਸਵੀਰ ਸਿੰਘ ਗੜ੍ਹੀ ਹਲਕੇ ਅੰਦਰ ਮਿਸ਼ਨਰੀ ਵਰਕਰਾਂ ਨਾਲ ਸੰਪਰਕ ਕਰਨ ਲਈ ਪੁੱਜੇ। ਉਨ੍ਹਾਂ ਕਿਹਾ ਕਿ ਸਮਾਜਿਕ ਪਰਿਵਰਤਨ ਲਈ ਲਤਾੜੇ ਵਰਗਾਂ ਦਾ ਸਾਂਝੇ ਬੈਨਰ ਹੇਠ ਇਕੱਠੇ ਹੋਣ ਲਾਜ਼ਮੀ ਹੈ, ਇਸ ਨਾਲ ਹੀ ਉਨ੍ਹਾਂ ਦੇ ਹੱਕਾਂ ਦੀ ਰਾਖੀ ਸੰਭਵ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਆਰਐੱਸਐੱਸ ਦੇ ਇਸ਼ਾਰੇ ’ਤੇ ਰਾਜ ਕਰਦੀ ਕੇਂਦਰ ਸਰਕਾਰ ਦੇਸ਼ ਦੇ ਸੰਵਿਧਾਨ ਪ੍ਰਤੀ ਵਫ਼ਾਦਾਰ ਨਹੀਂ ਹੈ ਜਿਸ ਕਾਰਨ ਦੇਸ਼ ਅੰਦਰ ਅੱਜ ਲੋਕਤੰਤਰ ਨੂੰ ਖ਼ਤਰਾ ਬਣਿਆ ਹੋਇਆ ਹੈ। ਉਨ੍ਹਾਂ ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਦਾ ਮੁੱਦਾ ਚੁੱਕਦਿਆਂ ਕਿਹਾ ਕਿ ਲੋਕ ਆਮ ਆਦਮੀ ਪਾਰਟੀ ਦੀਆਂ ਗੱਲਾਂ ’ਚ ਆ ਗਏ ਜਦਕਿ ਹੁਣ ਪੰਜਾਬ ਸਰਕਾਰ ਦਾ ਸਾਰਾ ਸੱਚ ਸਾਹਮਣੇ ਆ ਰਿਹਾ ਹੈ। ਬਸਪਾ ਦੇ ਵਿਧਾਇਕ ਨਛੱਤਰ ਪਾਲ ਨੇ ਕਿਹਾ ਕਿ ਸ਼ਾਸਨ ਅਤੇ ਪ੍ਰਸ਼ਾਸਨ ਦੀ ਵਿਗੜੀ ਹਾਲਤ ਨੂੰ ਮਜ਼ਬੂਤ ਕਰਨ ਲਈ ਬਹੁਜਨ ਸਮਾਜ ਪਾਰਟੀ ਦੇ ਸਮਾਜਿਕ ਪਰਿਵਰਤਨ ਅਤੇ ਆਰਥਿਕ ਮੁਕਤੀ ਅੰਦੋਲਨ ਦਾ ਹਿੱਸਾ ਬਣਨ ਦੀ ਲੋੜ ਹੈ। ਇਸ ਮੌਕੇ ਬਸਪਾ ਦੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਜਾਫ਼ਰਪੁਰ ਵੀ ਹਾਜ਼ਰ ਸਨ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਉਕਤ ਮਹਾਪੰਚਾਇਤ ਵਿੱਚ ਪਾਰਟੀ ਦੇ ਕੌਮੀ ਕੋ-ਆਰਡੀਨੇਟਰ ਆਕਾਸ਼ ਆਨੰਦ, ਰਣਧੀਰ ਸਿੰਘ ਬੈਨੀਪਾਲ ਅਤੇ ਵਿਪੁਲ ਕੁਮਾਰ ਵੀ ਪੁੱਜ ਰਹੇ ਹਨ।