ਬੀ ਐੱਸ ਐੱਫ ਦੀ ‘ਬਬੀਤਾ’ ਨੂੰ ਬਹਾਦਰੀ ਪੁਰਸਕਾਰ
ਪੰਜਾਬ ਸਰਹੱਦ ’ਤੇ ਤਾਇਨਾਤ ‘ਬਬੀਤਾ’ ਨੇ ਵੱਡੇ ਅਪਰੇਸ਼ਨ ’ਚ ਨਿਭਾੲੀ ਭੂਮਿਕਾ
ਬੀ ਐੱਸ ਐੱਫ ਪੰਜਾਬ ਦੀ ਬਹਾਦਰ ਕੁੱਤੀ ‘ਬਬੀਤਾ’ ਨੂੰ ਕੌਮੀ ਬਹਾਦਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ ਹੈ। ਟਰੈਕਰ ਬਬੀਤਾ ਪੰਜਾਬ ਸਰਹੱਦ ’ਤੇ ਤਾਇਨਾਤ ਹੈ, ਜਿਸ ਨੂੰ 8 ਨਵੰਬਰ ਨੂੰ ਹੈਦਰਾਬਾਦ ਵਿੱਚ ਪ੍ਰੋਗਰਾਮ ਵਿੱਚ ਉਸ ਦੀ ਬਹਾਦਰੀ ਅਤੇ ਵਿਲੱਖਣ ਸੇਵਾ ਲਈ ‘ਸਰਦਾਰ ਵੱਲਭਭਾਈ ਪਟੇਲ ਆਰ ਆਰ ਯੂ ਰਾਸ਼ਟਰੀ ਕੇ9 ਬਹਾਦਰੀ ਪੁਰਸਕਾਰ-2025’ ਨਾਲ ਸਨਮਾਨਿਤ ਕੀਤਾ ਗਿਆ ਹੈ। ਬੀ ਐੱਸ ਐੱਫ ਦੇ ਲੋਕ ਸੰਪਰਕ ਅਧਿਕਾਰੀ ਨੇ ਦੱਸਿਆ ਕਿ ਅੰਮ੍ਰਿਤਸਰ ਸੈਕਟਰ ਅਧੀਨ ਸਰਹੱਦ ’ਤੇ ਤਾਇਨਾਤ ਇਕ ਬਟਾਲੀਅਨ ਨਾਲ ਸੇਵਾ ਨਿਭਾਉਂਦੇ ਹੋਏ ‘ਬਬੀਤਾ’ ਨੇ ਸਤੰਬਰ ਮਹੀਨੇ ਵੱਡੇ ਅਪਰੇਸ਼ਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਸ ਦੀ ਤੇਜ਼ ਸੁੰਘਣ ਸ਼ਕਤੀ, ਸੂਝ ਅਤੇ ਹਥਿਆਰਾਂ ਤੇ ਨਸ਼ੀਲੇ ਪਦਾਰਥਾਂ ਬਾਰੇ ਜਾਣਕਾਰੀ ਦੇਣ ਦੀ ਨਿਪੁੰਨਤਾ ਕਾਰਨ ਉਹ ਬੀ ਐੱਸ ਐੱਫ ਦੇ ਜਵਾਨਾਂ ਨੂੰ ਇੱਕ ਮਸ਼ਕੂਕ ਦੇ ਘਰ ਵੱਲ ਲੈ ਗਈ, ਜਿਸ ਦੇ ਨਤੀਜੇ ਵਜੋਂ 3 ਤਸਕਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਨ੍ਹਾਂ ਕੋਲੋਂ 1 ਪਿਸਤੌਲ, 2 ਮੈਗਜ਼ੀਨ, 63 ਕਾਰਤੂਸ ਅਤੇ 4 ਮੋਬਾਈਲ ਫੋਨ ਜ਼ਬਤ ਕੀਤੇ ਗਏ।

