ਬੀਐੱਸਐੱਫ ਜਵਾਨ ਸਰਹੱਦੀ ਜ਼ਿਲ੍ਹਿਆਂ ’ਚ ਰਾਹਤ ਕਾਰਜਾਂ ’ਚ ਜੁਟੇ
ਪੰਜਾਬ ਵਿਚ ਆਏ ਹੜਾਂ ਦੌਰਾਨ ਸੀਮਾ ਸੁਰੱਖਿਆ ਬਲ (ਬੀਐਸਐਫ ) ਵਲੋਂ ਵੀ ਸਰਹੱਦੀ ਜਿਲਿਆ ਵਿਚ ਰਾਹਤ ਕਾਰਜਾਂ ਵਿਚ ਅਹਿਮ ਸਹਿਯੋਗ ਦਿਤਾ ਜਾ ਰਿਹਾ ਹੈ ਤੇ ਇਸ ਸਬੰਧ ਵਿਚ ਬੀਐਸਐਫ ਏਅਰ ਵਿੰਗ ਵਲੋਂ ਭਾਰਤੀ ਹਵਾਈ ਸੈਨਾ ਅਤੇ ਫੌਜ ਦੇ ਤਾਲਮੇਲ ਨਾਲ ਕੰਮ ਕੀਤਾ ਜਾ ਰਿਹਾ ਹੈ। ਬੀਐੱਸਐੱਫ ਦੇ ਉਚ ਅਧਿਕਾਰੀ ਨੇ ਦਸਿਆ ਕਿ ਗੁਰਦਾਸਪੁਰ ਦੇ ਸਰਹੱਦੀ ਪਿੰਡਾਂ ਦਿਲੇਰਪੁਰ ਖੇੜਾ, ਮਕੋੜਾ ਅਤੇ ਚੱਕਮਾਕੋਡਾ ਵਿੱਚ ਬੀਐਸਐਫ ਵਾਟਰ ਵਿੰਗ ਦੀਆਂ ਟੀਮਾਂ, ਜੋ ਕਿ ਫੁੱਲਣ ਵਾਲੀਆਂ ਕਿਸ਼ਤੀਆਂ ਨਾਲ ਲੈਸ ਹਨ, ਨੇ 200 ਤੋਂ ਵੱਧ ਨਾਗਰਿਕਾਂ ਨੂੰ ਬਾਹਰ ਕੱਢਿਆ। ਫਿਰੋਜ਼ਪੁਰ ਦੇ ਕਾਲੂਵਾਲਾ, ਨਿਹਾਲੇਵਾਲਾ, ਨਿਹਾਲਾ ਲਵੇਰਾ, ਧੀਰਾਘਾਰਾ, ਬੱਗੇ ਵਾਲਾ ਤੇ ਕਈ ਹੋਰ ਸਰਹੱਦੀ ਪਿੰਡਾਂ ਵਿੱਚ ਪਿਛਲੇ ਕੁਝ ਦਿਨਾਂ ਵਿੱਚ 1000 ਤੋਂ ਵੱਧ ਪਿੰਡ ਵਾਸੀਆਂ ਨੂੰ ਬਚਾਇਆ ਗਿਆ ਅਤੇ ਸਤਲੁਜ ਪਾਰ ਪਹੁੰਚਾਇਆ ਗਿਆ। ਫਾਜ਼ਿਲਕਾ ਦੇ ਮਹਾਰ ਜਮਸ਼ੇਰ ਤੋਂ ਕੁਝ ਬਿਮਾਰ ਬਜ਼ੁਰਗਾਂ ਨੂੰ ਪਾਣੀ ਦੇ ਵਧਦੇ ਪੱਧਰ ਦੇ ਵਿਚਕਾਰ ਸੁਰੱਖਿਅਤ ਢੰਗ ਨਾਲ ਹਸਪਤਾਲ ਪਹੁੰਚਾਇਆ ਗਿਆ।ਬੀਐੱਸਐੱਫ ਨੇ ਫਿਰੋਜ਼ਪੁਰ ਵਿੱਚ ਹੜ੍ਹ ਰੋਕਣ ਸਬੰਧੀ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਪਛੜੀਆਣ, ਪ੍ਰੀਤਮ ਸਿੰਘ ਵਾਲਾ ਅਤੇ ਕਮਾਲਵਾਲਾ ਪਿੰਡਾਂ ਦੇ ਸਥਾਨਕ ਲੋਕਾਂ ਨਾਲ ਵੀ ਸਹਿਯੋਗ ਵੀ ਦਿਤਾ। ਤਰਨ ਤਾਰਨ ’ਚ ਬੀਐਸਐਫ ਨੇ ਮੀਆਂਵਾਲੀ ਦੇ ਪਿੰਡ ਵਾਸੀਆਂ ਨਾਲ ਮਿਲ ਕੇ ਪੂਰੀ ਰਾਤ ਇੱਕ ਟੁੱਟੇ ਹੋਏ ਹੜ੍ਹ ਰੋਕੂ ਬੰਨ੍ਹ ਨੂੰ ਬੰਦ ਕਰ ਦਿੱਤਾ। ਖੇਮਕਰਨ ਵਿਖੇ ਮੈਡੀਕਲ ਟੀਮ ਨੇ 2 ਮੈਡੀਕਲ ਕੈਂਪ ਲਗਾਏੀ। ਫਿਰੋਜ਼ਪੁਰ ਵਿੱਚ ਬੀਐਸਐਫ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਮਿਲ ਕੇ ਸੁੱਕੇ ਰਾਸ਼ਨ ਪੈਕੇਟ, ਪੀਣ ਵਾਲਾ ਪਾਣੀ, ਪਸ਼ੂਆਂ ਲਈ ਚਾਰਾ ਵੰਡਿਆ।