ਬਾਰ ਐਸੋਸੀਏਸ਼ਨ ਵੱਲੋਂ ਅਦਾਲਤਾਂ ਦਾ ਬਾਈਕਾਟ
ਪੱਤਰ ਪ੍ਰੇਰਕ
ਹੁਸ਼ਿਆਰਪੁਰ, 29 ਅਗਸਤ
ਹਲਕਾ ਦਸੂਹਾ ਦੇ ਪਿੰਡ ਹਰਦੋਥਲਾ ਵਾਸੀ ਐਡਵੋਕੇਟ ਰਾਜ ਕੁਮਾਰ ਅਤੇ ਉਨ੍ਹਾਂ ਦੇ ਭਾਣਜੇ ਐਡਵੋਕੇਟ ਅਮਨ ਸਿੱਧੂ ਖਿਲਾਫ਼ ਦਸੂਹਾ ਪੁਲੀਸ ਦੁਆਰਾ ਕੇਸ ਦਰਜ ਕੀਤੇ ਜਾਣ ਦੇ ਵਿਰੋਧ ’ਚ ਬਾਰ ਐਸੋਸੀਏਸ਼ਨ ਵਲੋਂ ਪ੍ਰਧਾਨ ਐਡਵੋਕੇਟ ਆਰ.ਪੀ ਧੀਰ ਦੀ ਅਗਵਾਈ ਹੇਠ ਅੱਜ ਹੜਤਾਲ ਕਰਕੇ ਅਦਾਲਤਾਂ ਦਾ ਬਾਈਕਾਟ ਕੀਤਾ ਗਿਆ। ਹੁਸ਼ਿਆਰਪੁਰ, ਦਸੂਹਾ, ਮੁਕੇਰੀਆਂ ਤੇ ਗੜ੍ਹਸ਼ੰਕਰ ਦੀਆਂ ਅਦਾਲਤਾਂ ਦਾ ਕੰਮ ਪੂਰੀ ਤਰ੍ਹਾਂ ਬੰਦ ਰਿਹਾ। ਐਡਵੋਕੇਟ ਧੀਰ ਨੇ ਕਿਹਾ ਕਿ ਰੋਸ ਵਜੋਂ ਜਲੰਧਰ, ਕਪੂਰਥਲਾ ਤੇ ਨਵਾਂਸ਼ਹਿਰ ਦੇ ਵਕੀਲਾਂ ਵਲੋਂ ਵੀ ਹੜਤਾਲ ਕੀਤੀ ਗਈ। ਪੀੜਤ ਐਡਵੋਕੇਟ ਰਾਜ ਕੁਮਾਰ ਨੇ ਦੱਸਿਆ ਕਿ ਬੀਤੀ 25 ਅਗਸਤ ਨੂੰ ਪਿੰਡ ਦੇ ਕੁੱਝ ਲੋਕਾਂ ਨੇ ਉਸ ਦੇ ਭਾਣਜੇ ਅਮਨ ਸਿੱਧੂ ’ਤੇ ਹਮਲਾ ਕੀਤਾ ਸੀ। ਇਸ ਘਟਨਾ ਦੇ ਸਬੰਧ ’ਚ ਦੂਜੀ ਧਿਰ ਵਲੋਂ ਰਾਜ਼ੀਨਾਮੇ ਲਈ ਦਬਾਅ ਪਾਇਆ ਜਾਣ ਲੱਗਿਆ। ਅਗਲੇ ਦਿਨ ਰਾਜਨੀਤਿਕ ਦਬਾਅ ਦੇ ਚੱਲਦਿਆਂ ਐਡਵੋਕੇਟ ਰਾਜ ਕੁਮਾਰ ਅਤੇ ਉਨ੍ਹਾਂ ਦੇ ਭਾਣਜੇ ਅਮਨ ਸਿੱਧੂ ਖਿਲਾਫ਼ ਕੇਸ ਦਰਜ ਕਰਵਾ ਦਿੱਤਾ ਗਿਆ।
ਬਾਰ ਐਸੋਸੀਏਸ਼ਨ ਦੇ ਜਨਰਲ ਸਕੱਤਰ ਡੀ.ਐਸ. ਗਰੇਵਾਲ ਨੇ ਕਿਹਾ ਕਿ ਪੁਲੀਸ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਸ਼ਿਕਾਇਤਕਰਤਾ ਧਿਰ ਖਿਲਾਫ ਨਾਜਾਇਜ਼ ਕੇਸ ਦਰਜ ਕਰ ਲਿਆ। ਐਡਵੋਕੇਟ ਧੀਰ ਨੇ ਕਿਹਾ ਕਿ ਵਕੀਲਾਂ ਖਿਲਾਫ਼ ਕੇਸ ਦਰਜ ਕਰਨ ਤੋਂ ਪਹਿਲਾਂ ਦਸੂਹਾ ਪੁਲੀਸ ਨੂੰ ਉੱਥੋਂ ਦੀ ਬਾਰ ਐਸੋਸੀਏਸ਼ਨ ਨਾਲ ਗੱਲ ਕਰਕੇ ਸਾਰਾ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਲਿਆਉਣਾ ਚਾਹੀਦਾ ਸੀ। ਧੀਰ ਨੇ ਕਿਹਾ ਕਿ ਲੜਾਈ ਝਗੜੇ ਦੇ ਮਾਮਲੇ ’ਚ ਕਰਾਸ ਕੇਸ ਦਰਜ ਹੁੰਦਾ ਹੈ ਪਰ ਪੁਲੀਸ ਨੇ ਧੱਕੇਸ਼ਾਹੀ ਨਾਲ ਵੱਖਰੇ ਤੌਰ ’ਤੇ ਝੂਠਾ ਕੇਸ ਦਰਜ ਕਰ ਦਿੱਤਾ। ਆਰ.ਪੀ ਧੀਰ ਅਤੇ ਡੀ.ਐਸ ਗਰੇਵਾਲ ਨੇ ਕਿਹਾ ਕਿ ਜੇਕਰ ਪੁਲੀਸ ਨੇ ਵਕੀਲਾਂ ਖਿਲਾਫ਼ ਦਰਜ ਕੇਸ ਨੂੰ ਇਕ ਹਫ਼ਤੇ ਦੇ ਅੰਦਰ-ਅੰਦਰ ਰੱਦ ਨਾ ਕੀਤਾ ਤਾਂ ਪੰਜਾਬ ਭਰ ਵਿਚ ਵਕੀਲਾਂ ਵਲੋਂ ਹੜਤਾਲ ਸ਼ੁਰੂ ਕਰ ਦਿੱਤੀ ਜਾਵੇਗੀ। ਇਸ ਮੌਕੇ ਐਡਵੋਕੇਟ ਅਰਵਿੰਦ ਸੋਨੀ, ਰਾਜਵੀਰ ਸਿੰਘ, ਨਵੀਨ ਜੈਰਥ, ਮਨਮਿਤਿਕਾ ਆਦਿ ਮੌਜੂਦ ਸਨ।