ਪੱਤਰ ਪ੍ਰੇਰਕ
ਜਲੰਧਰ, 12 ਜੁਲਾਈ
ਇਥੇ ਸੰਜੈ ਗਾਂਧੀ ਨਗਰ ਨਹਿਰ ਦੇ ਪੁਲ ਨੇੜੇ ਸ਼ਰਾਬ ਦੇ ਅਹਾਤੇ ’ਤੇ ਇੱਕ ਪਰਵਾਸੀ ਨੌਜਵਾਨ ਦੀ ਖੂਨ ਨਾਲ ਲਥਪੱਥ ਲਾਸ਼ ਮਿਲਣ ’ਤੇ ਇਲਾਕੇ ਵਿੱਚ ਸਨਸਨੀ ਫੈਲ ਗਈ। ਸੂਚਨਾ ਮਿਲਣ ’ਤੇ ਫੋਕਲ ਪੁਆਇੰਟ ਥਾਣੇ ਦੀ ਪੁਲੀਸ ਨੇ ਇਸ ਮਾਮਲੇ ’ਚ ਦੀਪਕ ਕੁਮਾਰ ਉਰਫ ਦੀਪੂ, ਵਾਸੀ ਕੈਨਾਲ ਰੋਡ, ਜੋ ਕਿ ਮੂਲ ਰੂਪ ਵਿੱਚ ਬਿਹਾਰ ਦਾ ਰਹਿਣ ਵਾਲਾ ਹੈ, ਨੂੰ ਗ੍ਰਿਫ਼ਤਾਰ ਕਰਕੇ ਉਸ ਵਿਰੁੱਧ ਕਤਲ ਦਾ ਮਾਮਲਾ ਦਰਜ ਕਰਕੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ। ਚੌਕੀ ਇੰਚਾਰਜ ਥਾਣੇਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪਰਵਾਸੀ ਨੌਜਵਾਨ ਦੀ ਪਛਾਣ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਬੈਰਿਸਟਰ ਪ੍ਰਸਾਦ ਵਜੋਂ ਹੋਈ, ਜੋ ਕਿ ਕੈਨਾਲ ਰੋਡ ਫੋਕਲ ਪੁਆਇੰਟ ਦਾ ਰਹਿਣ ਵਾਲਾ ਸੀ। ਦੂਜੇ ਪਾਸੇ ਇੱਕ ਹੋਰ ਪੁਲੀਸ ਟੀਮ ਨੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਕਤਲ ਕਰਨ ਵਾਲੇ ਮੁਲਜ਼ਮ ਦੀਪਕ ਉਰਫ਼ ਦੀਪੂ ਦੀ ਵੀ ਪਛਾਣ ਕਰ ਲਈ। ਸੂਚਨਾ ਮਿਲਣ ’ਤੇ ਪੁਲੀਸ ਨੇ ਕੁਝ ਘੰਟਿਆਂ ਦੇ ਅੰਦਰ ਹੀ ਦੀਪਕ ਉਰਫ਼ ਦੀਪੂ ਨੂੰ ਉਸਦੇ ਕੁਆਰਟਰ ਤੋਂ ਗ੍ਰਿਫ਼ਤਾਰ ਕਰ ਲਿਆ ਜਦੋਂ ਉਹ ਸ਼ਰਾਬ ਦੇ ਨਸ਼ੇ ਵਿੱਚ ਧੁੱਤ ਹੋ ਕੇ ਸੌਂ ਰਿਹਾ ਸੀ। ਉਸ ਨੇ ਕਬੂਲ ਕੀਤਾ ਹੈ ਕਿ ਉਹ ਕੱਲ੍ਹ ਰਾਤ ਬੈਰਿਸਟਰ ਨਾਲ ਸ਼ਰਾਬ ਪੀਣ ਗਿਆ ਸੀ ਪਰ ਇਸ ਦੌਰਾਨ ਉਨ੍ਹਾਂ ਦੀ ਕਿਸੇ ਗੱਲ ’ਤੇ ਬਹਿਸ ਹੋ ਗਈ ਅਤੇ ਉਸ ਨੇ ਉਸ ਨਾਲ ਬਦਸਲੂਕੀ ਕੀਤੀ। ਇਸ ਕਾਰਨ ਦੋਵਾਂ ਵਿਚਕਾਰ ਲੜਾਈ ਹੋ ਗਈ। ਇਸ ਦੌਰਾਨ ਉਸਨੇ ਇੱਕ ਇੱਟ ਚੁੱਕੀ ਅਤੇ ਉਸਦੇ ਸਿਰ ’ਤੇ ਵਾਰ ਕੀਤਾ, ਜਿਸ ਕਾਰਨ ਉਹ ਖੂਨ ਨਾਲ ਲਥਪੱਥ ਹਾਲਤ ਵਿੱਚ ਉੱਥੇ ਡਿੱਗ ਪਿਆ ਸੀ।