ਦੋ ਸਾਲਾਂ ਤੋਂ ਬੰਦ ਬਲੱਡ ਬੈਂਕ ਮੁੜ ਖੁੱਲ੍ਹਿਆ
ਇਥੋਂ ਦੇ ਸਿਵਲ ਹਸਪਤਾਲ ’ਚ ਲੰਬੇਂ ਸਮੇਂ ਤੋਂ ਬੰਦ ਪਈ ਬਲੱਡ ਬੈਂਕ ਹੁਣ ਚਾਲੂ ਹੋ ਗਈ ਹੈ ਜਿਸ ਨਾਲ ਹੁਣ ਲੋਕਾਂ ਨੂੰ ਇਸ ਸਹੂਲਤ ਦਾ ਲਾਭ ਮਿਲ ਸਕੇਗਾ। ਇਸ ਬੈਂਕ ਨੂੰ ਖੁੱਲ੍ਹਵਾਉਣ ਸਬੰਧੀ ਸੰਸਦ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਅਹਿਮ ਭੂਮਿਕਾ ਨਿਭਾਈ ਹੈ।
ਇਹ ਬਲੱਡ ਬੈਂਕ 28 ਅਗਸਤ 2023 ’ਚ ਕਈ ਕਮੀਆਂ ਕਾਰਨ ਬੰਦ ਹੋ ਗਈ ਸੀ ਜਿਸ ਨਾਲ ਲੋਕ ਕਾਫ਼ੀ ਪ੍ਰੇਸ਼ਾਨ ਸਨ ਕਿਉਂਕਿ ਫਗਵਾੜਾ ਸ਼ਹਿਰ ਜੀਟੀ ਰੋਡ ’ਤੇ ਹੋਣ ਕਾਰਨ ਇਥੇ ਅਕਸਰ ਹੀ ਸੜਕੀ ਹਾਦਸਿਆਂ ਦੇ ਕੇਸ ਆਉਂਦੇ ਹਨ ਤੇ ਗਾਇਨੀ ਵਿਭਾਗ ’ਚ ਮਰੀਜ਼ਾਂ ਨੂੰ ਖੂਨ ਦੀ ਜ਼ਰੂਰਤ ਰਹਿੰਦੀ ਹੈ। ਇਸ ਸਬੰਧ ’ਚ ਬਲੱਡ ਡੋਨਰਜ਼ ਸੰਸਥਾ ਵੱਲੋਂ ਡਾ. ਰਾਜ ਕੁਮਾਰ ਚੱਬੇਵਾਲ ਨੂੰ ਮੰਗ ਪੱਤਰ ਦੇ ਕੇ ਇਸ ਨੂੰ ਚਾਲੂ ਕਰਵਾਉਣ ਦੀ ਮੰਗ ਕੀਤੀ ਸੀ ਉਨ੍ਹਾਂ ਇਸ ਸਬੰਧੀ ਯਤਨ ਕੀਤੇ ਜੋ ਸਫ਼ਲ ਹੋਏ ਹਨ।
ਐੱਸਐੱਮਓ ਡਾ. ਪਰਮਿੰਦਰ ਕੌਰ ਨੇ ਦੱਸਿਆ ਕਿ ਸਿਵਲ ਹਸਪਤਾਲ, ਈਐੱਸਆਈ, ਸਟੇਟ ਇੰਨਸ਼ੋਰੈੱਸ ਕਾਰਡ ਧਾਰਕਾਂ ਨੂੰ ਇਥੋਂ ਮੁਫ਼ਤ ਬਲੱਡ ਮਿਲੇਗਾ ਤੇ ਬਾਹਰੋਂ ਆਉਣ ਵਾਲੇ ਮਰੀਜ਼ਾਂ ਨੂੰ ਇੱਕ ਹਜ਼ਾਰ ਰੁਪਏ ਦੇਣੇ ਪੈਣਗੇ। ਉਨ੍ਹਾਂ ਕਿਹਾ ਕਿ ਇਸ ਵੇਲੇ 30 ਯੂਨਿਟ ਮੌਜੂਦ ਹਨ ਤੇ ਇਸ ’ਚ ਵਾਧਾ ਕੀਤੇ ਜਾਣ ਲਈ ਜਲਦੀ ਹੀ ਕੈੱਪ ਲਗਾਏ ਜਾਣਗੇ।
ਬਲੱਡ ਡੋਨਰਜ਼ ਸੰਸਥਾ ਦੇ ਪ੍ਰਧਾਨ ਪੰਡਿਤ ਰਾਹੁਲ ਸ਼ਰਮਾ, ਵੀਤਿਨ ਪੁਰੀ, ਵਿਕਰਮ ਗੁਪਤਾ, ਹਰਜਿੰਦਰ ਗੋਗਨਾ, ਨਰੇਸ਼ ਕੋਹਲੀ, ਪ੍ਰੇਮ ਗੁਪਤਾ ਨੇ ਚੱਬੇਵਾਲ ਵਲੋਂ ਕੀਤੇ ਇਸ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਤੇ ਕਿਹਾ ਕਿ ਸੰਸਥਾ ਦਾ ਵਫ਼ਦ ਉਨ੍ਹਾਂ ਨਾਲ ਮੁਲਾਕਾਤ ਕਰੇਗਾ ਤੇ ਹਸਪਤਾਲ ’ਚ ਹੋਰ ਘਾਟਾ ਬਾਰੇ ਵੀ ਜਾਣੂ ਕਰਵਾਇਆ ਜਾਵੇਗਾ।