ਸ਼ਾਹਕੋਟ ਪੁਲੀਸ ਨੇ ਅੱਜ ਭਾਰਤੀ ਜਨਤਾ ਪਾਰਟੀ ਦੇ ਆਗੂ ਤੇ ਸਾਬਕਾ ਵਿਧਾਇਕ ਕੇ.ਡੀ. ਭੰਡਾਰੀ ਅਤੇ ਹਲਕਾ ਸ਼ਾਹਕੋਟ ਵਿਚ ਸਰਗਰਮ ਭੂਮਿਕਾ ਨਿਭਾ ਰਹੇ ਰਾਣਾ ਹਰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਭਾਜਪਾ ਆਗੂਆਂ ਦੀ ਗ੍ਰਿਫ਼ਤਾਰੀ ਮੌਕੇ ਪੁਲੀਸ ਨੇ ਭਾਜਪਾ ਆਗੂਆਂ ਤੇ ਵਰਕਰਾਂ ਨਾਲ ਧੱਕਾ-ਮੁੱਕੀ ਵੀ ਕੀਤੀ। ਭਾਜਪਾ ਵਰਕਰਾਂ ਨੇ ਇਸ ਗ੍ਰਿਫ਼ਤਾਰੀ ਵਿਰੁੱਧ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਵੀ ਕੀਤੀ।ਭਰੋਸੇਯੋਗ ਸੂਤਰਾਂ ਮੁਤਾਬਿਕ ਪੁਲੀਸ ਭਾਜਪਾ ਆਗੂਆਂ ਨੂੰ ਗ੍ਰਿਫ਼ਤਾਰ ਕਰਕੇ ਥਾਣਾ ਬਿਲਗਾ ਵਿੱਚ ਲੈ ਗਈ ਜਿੱਥੇ ਭਾਜਪਾ ਵਰਕਰਾਂ ਨੇ ਥਾਣੇ ਅੱਗੇ ਧਰਨਾ ਲਗਾ ਦਿਤਾ। ਦੱਸਣਯੋਗ ਹੈ ਕਿ ਰਾਣਾ ਹਰਦੀਪ ਸਿੰਘ ਅਤੇ ਕੇ.ਡੀ ਭੰਡਾਰੀ ਦੀ ਅਗਵਾਈ ਵਿਚ ਭਾਜਪਾ ਨੇ ਪਿੰਡ ਰੂਪੇਵਾਲ ਦੀ ਦਾਣਾ ਮੰਡੀ ਵਿਚ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਬਾਰੇ ਕੈਂਪ ਲਗਾਇਆ ਹੋਇਆ ਸੀ। ਇਸੇ ਦੌਰਾਨ ਡੀਐੱਸਪੀ ਸ਼ਾਹਕੋਟ ਉਂਕਾਰ ਸਿੰਘ ਬਰਾੜ ਅਤੇ ਐੱਸਐੱਚਓ ਬਲਵਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਭਾਰੀ ਪੁਲੀਸ ਫੋਰਸ ਨੇ ਜਦੋਂ ਭਾਜਪਾ ਆਗੂਆਂ ਨੂੰ ਗ੍ਰਿਫ਼ਤਾਰ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਸਣੇ ਵਰਕਰਾਂ ਨੇ ਇਸ ਦਾ ਭਾਰੀ ਵਿਰੋਧ ਕੀਤਾ। ਇਸੇ ਦੌਰਾਨ ਪੁਲੀਸ ਨੇ ਉਨ੍ਹਾਂ ਨਾਲ ਧੱਕਾ-ਮੁੱਕੀ ਵੀ ਕੀਤੀ।ਕੇ.ਡੀ. ਭੰਡਾਰੀ ਅਤੇ ਰਾਣਾ ਨੇ ਕਿਹਾ ਕਿ ਪੁਲੀਸ ਆਮ ਆਦਮੀ ਪਾਰਟੀ ਦੀ ਕਠਪੁਤਲੀ ਬਣ ਕੇ ਰਹਿ ਗਈ ਹੈ। ਮਾਨ ਸਰਕਾਰ ਵਿਰੋਧੀਆਂ ਨੂੰ ਗ੍ਰਿਫ਼ਤਾਰ ਕਰਕੇ ਲੋਕਤੰਤਰ ਦਾ ਘਾਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਪਿਛਲੇ ਕੁਝ ਸਮੇਂ ਤੋਂ ਹਲਕਾ ਸ਼ਾਹਕਟ ਦੇ ਪਿੰਡਾਂ ਵਿਚ ਕੈਂਪ ਲਗਾ ਕੇ ਕੇਂਦਰ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਤੋਂ ਆਮ ਲੋਕਾਂ ਨੂੰ ਜਾਗਰੂਕ ਕਰਦੇ ਆ ਰਹੇ ਹਨ। ਮਾਨ ਸਰਕਾਰ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰਕੇ ਲੋੜਵੰਦ ਲਾਭਪਾਤਰੀਆਂ ਤੱਕ ਸਰਕਾਰੀ ਸਕੀਮਾਂ ਪਹੁੰਚਣ ਵਿਚ ਵਿਘਨ ਪਾਇਆ ਹੈ। ਉਨ੍ਹਾਂ ਕਿਹਾ ‘ਆਪ’ ਸਰਕਾਰ ਦੀਆਂ ਇਨ੍ਹਾਂ ਧੱਕੇਸ਼ਾਹੀਆਂ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।