ਭਾਜਪਾ ਸਰਕਾਰਾਂ ਦਾ ਏਜੰਡਾ ਦਲਿਤ ਵਿਰੋਧੀ: ਭਗਤ
ਕੈਬਨਿਟ ਮੰਤਰੀ ਨੇ ਦਲਿਤ ਵਿਰੋਧੀ ਰੁਖ਼ ਲਈ ਕੇਂਦਰ ਤੇ ਹਰਿਆਣਾ ਸਰਕਾਰ ਦੀ ਅਾਲੋਚਨਾ ਕੀਤੀ
ਪੰਜਾਬ ਦੇ ਬਾਗਬਾਨੀ ਮੰਤਰੀ ਮੋਹਿੰਦਰ ਭਗਤ ਨੇ ਅੱਜ ਕੇਂਦਰ ਤੇ ਹਰਿਆਣਾ ਦੀਆਂ ਭਾਜਪਾ ਸਰਕਾਰਾਂ ਦੀ ਸਖ਼ਤ ਨਿੰਦਾ ਕਰਦਿਆਂ ਉਨ੍ਹਾਂ ’ਤੇ ਦਲਿਤ ਵਿਰੋਧੀ ਏਜੰਡਾ ਅਪਨਾਉਣ ਦਾ ਦੋਸ਼ ਲਗਾਇਆ, ਜਿਸ ਨਾਲ ਦੇਸ਼ ਭਰ ਦੇ ਦਲਿਤ ਭਾਈਚਾਰੇ ਵਿੱਚ ਵਿਆਪਕ ਰੋਸ ਪੈਦਾ ਹੋਇਆ ਹੈ।
ਕੈਬਨਿਟ ਮੰਤਰੀ ਭਗਤ ਨੇ ਦੋ ਹਾਲੀਆ ਘਟਨਾਵਾਂ ਚੀਫ਼ ਜਸਟਿਸ ਆਫ਼ ਇੰਡੀਆ (ਸੀ.ਜੇ.ਆਈ.) ’ਤੇ ਹਮਲੇ ਦੀ ਕੋਸ਼ਿਸ਼ ਅਤੇ ਹਰਿਆਣਾ ਵਿੱਚ ਇੱਕ ਆਈ ਪੀ ਐੱਸ ਅਧਿਕਾਰੀ ਦੀ ਖੁਦਕੁਸ਼ੀ ਨੂੰ ਦਲਿਤਾਂ ਵਿਰੁੱਧ ਵਧ ਰਹੀ ਅਸਹਿਣਸ਼ੀਲਤਾ ਅਤੇ ਵਿਤਕਰੇ ਦੀਆਂ ਉਦਾਹਰਨਾਂ ਦੱਸਿਆ। ਹਰਿਆਣਾ ਦੇ ਆਈਪੀਐੱਸ ਅਧਿਕਾਰੀ ਦੀ ਖੁਦਕੁਸ਼ੀ ਦਾ ਜ਼ਿਕਰ ਕਰਦਿਆਂ ਭਗਤ ਨੇ ਕਿਹਾ ਕਿ ਦਲਿਤ ਭਾਈਚਾਰੇ ਨਾਲ ਸਬੰਧਤ ਅਧਿਕਾਰੀ ਨੂੰ ਕਥਿਤ ਉਦਾਸੀਨਤਾ ਅਤੇ ਪੱਖਪਾਤ ਕਾਰਨ ਇਹ ਸਖ਼ਤ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ। ਆਮ ਆਦਮੀ ਪਾਰਟੀ ਵੱਲੋਂ ਭਗਤ ਨੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਵਿਅਕਤੀਆਂ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕਰਦਿਆਂ ਮ੍ਰਿਤਕ ਆਈ.ਪੀ.ਐਸ. ਅਧਿਕਾਰੀ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਕਤਲ ਦਾ ਮਾਮਲਾ ਦਰਜ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਅਜਿਹੀਆਂ ਘਟਨਾਵਾਂ ’ਤੇ ਭਾਜਪਾ ਦੀ ਚੁੱਪ ਨੇ ਦੇਸ਼ ਦੇ ਸਾਹਮਣੇ ਇਸ ਦਾ ਦਲਿਤ ਵਿਰੋਧੀ ਚਿਹਰਾ ਨੰਗਾ ਕਰ ਦਿੱਤਾ ਹੈ।