ਇੱਥੇ ਦਾਣਾ ਮੰਡੀ ਵਿਚ 200 ਦੇ ਕਰੀਬ ਪਰਵਾਸੀ ਮਜ਼ਦੂਰਾਂ ਵਲੋਂ ਝੋਨੇ ਦੇ ਫੂਸ ਦੇ ਢੇਰਾਂ ਵਿੱਚੋਂ ਦੁਬਾਰਾ ਟਰੈਕਟਰ-ਹੜੰਬਾ ਮਸ਼ੀਨਾਂ ਨਾਲ ਝੋਨਾ ਕੱਢਦੇ ਸਮੇਂ ਨਿਕਲਦੇ ਘੱਟੇ-ਮਿੱਟੀ ਦੇ ਪ੍ਰਦੂਸ਼ਣ ਨੇ ਰਾਮਦਾਸ ਨਗਰ, ਘੁੰਮਣ ਕਲੋਨੀ ਅਤੇ ਸੀਤਾ ਰਾਮ ਕਲੋਨੀ ਦੇ ਵਸਨੀਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ, ਜਿਸ ਨੂੰ ਰੋਕਣ ਲਈ ਪ੍ਰਭਾਵਿਤ ਲੋਕਾਂ ਨੇ ਐੱਸ ਡੀ ਐੱਮ ਆਦਮਪੁਰ ਵਿਵੇਕ ਕੁਮਾਰ ਮੋਦੀ ਨੂੰ ਇਸ ਗੰਭੀਰ ਮਸਲੇ ਨੂੰ ਹੱਲ ਕਰਨ ਲਈ ਸ਼ਿਕਾਇਤ ਕੀਤੀ। ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਕਿਸੇ ਵੀ ਕੀਮਤ ’ਤੇ ਅਗਲੇ ਕਣਕ ਦੇ ਸੀਜ਼ਨ ਤੋਂ ਇਨ੍ਹਾਂ ਥਾਵਾਂ ਉੱਪਰ ਟਰੈਕਟਰ-ਹੜੰਬਾ ਮਸ਼ੀਨਾਂ ਨਹੀਂ ਚੱਲਣ ਦਿੱਤੀਆਂ ਜਾਣਗੀਆਂ। ਗੌਰਤਲਬ ਹੈ ਕਿ ਵੱਡੀ ਗਿਣਤੀ ਵਿੱਚ ਪਰਵਾਸੀ ਮਜ਼ਦੂਰ ਇਸ ਦਾਣਾ ਮੰਡੀ ਤੋਂ ਇਲਾਵਾ ਦੂਰ-ਦੁਰਾਡੇ ਦਾਣਾ ਮੰਡੀਆਂ ਵਿਚੋਂ ਝੋਨੇ ਦਾ ਫੂਸ ਇਕੱਠਾ ਕਰ ਕੇ ਉਸ ਵਿਚੋਂ ਹੜੰਬਾ ਮਸ਼ੀਨਾਂ ਰਾਹੀਂ ਝੋਨਾ ਕੱਢਦੇ ਸਮੇਂ ਘੱਟਾ ਮਿੱਟੀ ਉੱਡ ਕੇ ਨਜ਼ਦੀਕ ਬਣੀਆਂ ਆਲੀਸ਼ਾਨ ਕੋਠੀਆਂ ਪੈਂਦਾ ਹੈ ਤਾਂ ਕੋਠੀਆਂ ਉੱਪਰ ਮਿੱਟੀ ਘੱਟੇ ਦੀ ਤਹਿ ਜੰਮ ਜਾਂਦੀ ਹੈ ਅਤੇ ਪ੍ਰਦੂਸ਼ਣ ਵਧਣ ਨਾਲ ਸਾਹ ਲੈਣਾ ਮੁਸ਼ਕਲ ਹੋ ਜਾਂਦਾ ਹੈ।
ਇਸ ਮੌਕੇ ਤਰਸੇਮ ਸਿੰਘ, ਪਰਮਜੀਤ ਸਿੰਘ ਪਿੰਕਾ, ਬਿੰਦਰ ਨਾਗਰਾ ਨੇ ਕਿਹਾ ਕਿ ਅਗਲੇ ਸੀਜ਼ਨ ਤੱਕ ਸਰਕਾਰ ਨੇ ਕੋਈ ਕਦਮ ਨਾ ਚੁੱਕਿਆ ਤਾਂ ਸੰਘਰਸ਼ ਵਿੱਢਿਆ ਜਾਵੇਗਾ।
ਐੱਸ ਡੀ ਐੱਮ ਆਦਮਪੁਰ ਵਿਵੇਕ ਕੁਮਾਰ ਮੋਦੀ ਨੇ ਦੱਸਿਆ ਕਿ ਪ੍ਰਭਾਵਿਤ ਰਿਹਾਇਸ਼ੀ ਵਸਨੀਕਾਂ, ਪਰਵਾਸੀ ਮਜ਼ਦੂਰਾਂ, ਆੜ੍ਹਤੀਆਂ ਅਤੇ ਮਾਰਕੀਟ ਕਮੇਟੀ ਭੋਗਪੁਰ ਦੇ ਚੇਅਰਮੈਨ ਦੀ ਸਾਂਝੀ ਮੀਟਿੰਗ ਕਰ ਕੇ ਇਸ ਗੰਭੀਰ ਮਸਲੇ ਦਾ ਹੱਲ ਕੱਢ ਲਿਆ ਜਾਵੇ। ਮਾਰਕੀਟ ਕਮੇਟੀ ਦੇ ਚੇਅਰਮੈਨ ਬਰਕਤ ਰਾਮ ਨੇ ਕਿਹਾ ਕਿ ਅਗਲੇ ਕਣਕ ਦੇ ਸੀਜ਼ਨ ਤੋਂ ਲੋਕਾਂ ਨੂੰ ਘੱਟੇ ਮਿੱਟੀ ਦੀ ਸਮੱਸਿਆ ਨਹੀਂ ਆਉਣ ਦਿੱਤੀ ਜਾਵੇਗੀ।

