ਭੋਗਪੁਰ ਐਕਸ਼ਨ ਕਮੇਟੀ ਵੱਲੋਂ ਲੋਕ ਮਾਰੂ ਨੀਤੀਆਂ ਦਾ ਵਿਰੋਧ
ਵੱਖ-ਵੱਖ ਕਿਸਾਨ ਯੂਨੀਅਨਾਂ, ਸਿਆਸੀ ਪਾਰਟੀਆਂ, ਸਮਾਜ ਸੇਵੀ ਤੇ ਧਾਰਮਿਕ ਸੰਸਥਾਵਾਂ ਤੋਂ ਇਲਾਵਾ 83 ਪਿੰਡਾਂ ਦੀਆਂ ਪੰਚਾਇਤਾਂ ਦੇ ਨੁਮਾਇੰਦਿਆਂ ਦੀ ਸਾਂਝੀ ਬਣੀ 'ਭੋਗਪੁਰ ਐਕਸ਼ਨ ਕਮੇਟੀ 'ਨੇ ਸਰਕਾਰ ਵਲੋਂ ਜਾਰੀ ਕੀਤੇ ਉਸ ਨੋਟੀਫਿਕੇਸ਼ਨ ਜਿਸ ਵਿੱਚ ਬੀਡੀਪੀਓ ਭੋਗਪੁਰ ਦਾ ਦਫਤਰ ਤੇ ਸਬ ਤਹਿਸੀਲ ਭੋਗਪੁਰ ਨੂੰ ਖਤਮ ਕਰਨ ਦੀ ਕੋਸ਼ਿਸ਼ ਦਾ ਵਿਰੋਧ ਕੀਤਾ। ਦਾਣਾ ਮੰਡੀ ਵਿੱਚ ਭੋਗਪੁਰ ਐਕਸ਼ਨ ਕਮੇਟੀ ਵੱਲੋਂ ਕੀਤੇ ਇਕੱਠ ਨੂੰ ਸੰਬੋਧਨ ਕਰਦਿਆਂ ਵਿਧਾਇਕ ਸੁਖਵਿੰਦਰ ਸਿੰਘ ਕੋਟਲੀ, ਸਾਬਕਾ ਵਿਧਾਇਕ ਕੰਵਲਜੀਤ ਸਿੰਘ ਲਾਲੀ, ਮੁਕੇਸ਼ ਚੰਦਰ ਰਾਣੀ ਭੱਟੀ ਬਲਵਿੰਦਰ ਸਿੰਘ ਮੱਲੀ ਨੰਗਲ ਤੇ ਅਰਵਿੰਦਰ ਸਿੰਘ ਝੱਮਟ ਆਦਿ ਕਿਹਾ ਕਿ ਸਰਕਾਰ ਪੰਜਾਬ ਦਾ ਵਿਕਾਸ ਕਰਨ ਦੀ ਬਜਾਏ ਹਰ ਖੇਤਰ ਦਾ ਵਿਨਾਸ਼ ਕਰ ਰਹੀ ਹੈ ਅਤੇ ਹਰ ਫਰੰਟ ’ਤੇ ਫੇਲ ਸਿੱਧ ਹੋਈ ਹੈ।
ਬੁਲਾਰਿਆਂ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਆਪ’ ਆਗੂ ਭੋਗਪੁਰ ਸ਼ਹਿਰ ’ਚ ਪਹਿਲਾਂ ਸੀਐੱਨਜੀ ਬਾਇਓ ਗੈਸ ਪਲਾਂਟ ਲਾ ਕੇ ਅਤੇ ਹੁਣ ਬੀਡੀਪੀਓ ਬਲਾਕ ਭੋਗਪੁਰ ਤੇ ਸਬ ਤਹਿਸੀਲ ਭੋਗਪੁਰ ਨੂੰ ਖਤਮ ਕਰਕੇ ਸ਼ਹਿਰ ਨੂੰ ਉਜਾੜਨ ਦਾ ‘ਮੁੱਢ ਬੰਨ੍ਹ ਰਹੇ ਹਨ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਬੁਲਾਰਿਆਂ ਨੇ ਕਿਹਾ ਭੋਗਪੁਰ ਐਕਸ਼ਨ ਕਮੇਟੀ ਸ਼ਹਿਰ ਅਤੇ ਇਲਾਕੇ ਦੇ ਪਿੰਡਾਂ ਨੂੰ ਬਚਾਉਣ ਲਈ ਨੂੰ ਬਚਾਉਣ ਲਈ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇਵੇਗੀ। ਉਨ੍ਹਾਂ ਕਿਹਾ ਕਿ ਸ਼ਹਿਰ ਆਗੂਆਂ ਨੇ ਅੱਖਾਂ ਮੀਟ ਕੇ ਸਰਕਾਰ ਦੀਆਂ ਭੋਗਪੁਰ ਸ਼ਹਿਰ ਸਬੰਧੀ ਤਜਵੀਜ਼ਾਂ ’ਤੇ ਦਸਤਖ਼ਤ ਕਰਕੇ ਇਲਾਕੇ ਨਾਲ ਧ੍ਰੋਹ ਕਮਾਇਆ ਹੈ।
ਬੀਡੀਪੀਓ ਦਫ਼ਤਰ ਤੇ ਸਬ ਤਹਿਸੀਲ ਭੋਗਪੁਰ ਦੀ ਹੋਂਦ ਬਚਾਵਾਂਗੇ: ਟੀਨੂ
‘ਆਪ’ ਦੇ ਹਲਕਾ ਇੰਚਾਰਜ ਅਤੇ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਚੇਅਰਮੈਨ ਪਵਨ ਕੁਮਾਰ ਟੀਨੂ ਨੇ ਕਿਹਾ ਕਿ ਉਹ ਇਸ ਸਬੰਧੀ ਪੰਜਾਬ ਦੇ ਮੁੱਖ ਮੰਤਰੀ, ਪੰਚਾਇਤ ਵਿਭਾਗ ਦੇ ਮੰਤਰੀ ਅਤੇ ਸਬੰਧਤ ਉੱਚ ਅਧਿਕਾਰੀਆਂ ਨਾਲ ਮੀਟਿੰਗਾਂ ਕਰਨਗੇ। ਟੀਨੂ ਨੇ ਕਿਹਾ ਕਿ ਉਹ ਭੋਗਪੁਰ ਇਲਾਕੇ ਵਿੱਚ ਬੀਡੀਪੀਓ ਬਲਾਕ ਅਤੇ ਸਬ ਤਹਿਸੀਲ ਭੋਗਪੁਰ ਦੀ ਹੋਂਦ ਬਚਾ ਲੈਣਗੇ ਤੇ ਇਲਾਕੇ ਦੇ ਸਰਬਪੱਖੀ ਵਿਕਾਸ ਕਰਨ 'ਤੇ ਧਿਆਨ ਕੇਂਦਰਿਤ ਕਰਨਗੇ।