ਬਿਆਸ ਨੇ ਤਰਨ ਤਾਰਨ ਜ਼ਿਲ੍ਹੇ ਦੇ ਪਿੰਡਾਂ ’ਚ ਮਚਾਈ ਤਬਾਹੀ
ਇਲਾਕੇ ਅੰਦਰ ਸਤਲੁਜ ਅਤੇ ਬਿਆਸ ਦਰਿਆ ਵਲੋਂ ਪਿੰਡ ਹਰੀਕੇ ਅਤੇ ਮਰੜ ਦੇ ਕੰਢਿਆਂ ਨੂੰ ਲਾਈ ਜਾ ਰਹੀ ਢਾਹ ਪ੍ਰਸ਼ਾਸਨ ਤੇ ਇਲਾਕੇ ਦੇ ਵਸਨੀਕਾਂ ਲਈ ਡਾਢੀ ਸਿਰਦਰਦੀ ਦਾ ਕਾਰਨ ਬਣ ਰਹੀ ਹੈ ਅਤੇ ਕਈ ਪਿੰਡਾਂ ’ਚ ਕਿਸਾਨਾਂ ਦੀ ਹਜ਼ਾਰਾਂ ਏਕੜ ਫਸਲ ਡੁੱਬ ਗਈ ਹੈ। ਹਰੀਕੇ ਦੇ ਨੇੜੇ ਦੇ ਪਿੰਡ ਕੁੱਤੀਵਾਲਾ ਦੇ ਸਾਬਕ ਸਰਪੰਚ ਲੱਖਾ ਸਿੰਘ ਨੇ ਇਥੇ ਦੱਸਿਆ ਕਿ ਸਤਲੁਜ ਦਰਿਆ ਦੇ ਪਿੰਡ ਘੜੂੰਮ (ਕੁੱਤੀਵਾਲਾ) ਨੇੜੇ ਦਰਿਆ ਨੂੰ ਤਿੰਨ ਥਾਵਾਂ ਤੋਂ ਢਾਹ ਲੱਗ ਰਹੀ ਹੈ ਜਿਸ ਨੂੰ ਪੱਥਰਾਂ ਦੀਆਂ ਨੋਚਾਂ ਨਾਲ ਮਜ਼ਬੂਤ ਕੀਤਾ ਆ ਜਾ ਰਿਹਾ ਹੈ| ਉਨ੍ਹਾਂ ਕਿਹਾ ਕਿ ਇਸ ਕੰਮ ਲਈ ਜਿਥੇ ਕਾਰ ਸੇਵਾ ਸੰਪਰਦਾ ਸਰਹਾਲੀ ਦੇ ਮੁੱਖੀ ਬਾਬਾ ਸੇਵਾ ਸਿੰਘ ਦੇ ਸੇਵਾਦਾਰ ਲੱਗੇ ਹੋਏ ਹਨ| ਇਲਾਕੇ ਅੰਦਰ ਬਿਆਸ ਦਰਿਆ ਦੀ ਮਾਰ ਹੇਠ ਆਏ ਭਲੋਜਲਾ, ਵੈਰੋਵਾਲ, ਬੋਦਲ ਕੀੜੀ, ਕੀੜੀ ਸ਼ਾਹੀ, ਧੂੰਦਾ, ਜੌਹਲ ਢਾਏਵਾਲਾ, ਗੋਇੰਦਵਾਲ ਸਾਹਿਬ, ਜਲਾਲਾਬਾਦ, ਮੁੰਡਾਪਿੰਡ, ਕਰਮੂੰਵਾਲਾ, ਚੰਬਾ ਕਲਾਂ ਆਦਿ ਦੇ 25 ਪਿੰਡਾਂ ਦੇ ਕਿਸਾਨਾਂ ਦੀ 10,000 ਏਕੜ ਦੇ ਕਰੀਬ ਖੜ੍ਹੀ ਫਸਲ ਇਕ ਤਰ੍ਹਾਂ ਨਾਲ ਪੂਰੀ ਦੀ ਪੂਰੀ ਨਸ਼ਟ ਹੋ ਗਈ ਹੈ| ਇਨ੍ਹਾਂ ਪਿੰਡਾਂ ਦੇ ਕਿਸਾਨਾਂ ਦੀ ਫਸਲ ਚਾਰ ਹਫਤਿਆਂ ਤੋਂ ਵੀ ਵਧੇਰੇ ਸਮੇਂ ਤੋਂ ਪਾਣੀ ਦੀ ਮਾਰ ਹੇਠ ਹੈ| ਧੂੰਦਾ ਪਿੰਡ ਦੇ ਕਿਸਾਨ ਰੂਪ ਸਿੰਘ ਤੇ ਸਾਬਕ ਸਰਪੰਚ ਸਰਵਨ ਸਿੰਘ, ਮੁੰਡਾ ਪਿੰਡ ਦੇ ਦਾਰਾ ਸਿੰਘ ਅਤੇ ਚੈਂਚਲ ਸਿੰਘ ਨੇ ਕਿਹਾ ਕਿ ਮੰਡ ਖੇਤਰ ’ਚ 10,000 ਏਕੜ ਦੀਆਂ ਫਸਲਾਂ ਦਾ ਪੂਰੀ ਤਰ੍ਹਾਂ ਨਾਲ ਨੁਕਸਾਨ ਹੋਣ ਤੇ ਵੀ ਸਰਕਾਰ ਨੇ ਮੁਆਵਜ਼ੇ ਦਾ ਐਲਾਨ ਨਹੀਂ ਕੀਤਾ|
ਸਥਾਨਕ ਸਰਕਾਰਾਂ ਮੰਤਰੀ ਵੱਲੋਂ ਟਾਂਡਾ ਦੇ ਹੜ੍ਹ ਪ੍ਰਭਾਵਿਤ ਖੇਤਰ ਦਾ ਜਾਇਜ਼ਾ
ਟਾਂਡਾ (ਸੁਰਿੰਦਰ ਸਿੰਘ ਗੁਰਾਇਆ): ਸਥਾਨਕ ਸਰਕਾਰਾਂ ਮੰਤਰੀ ਡਾ. ਰਵਜੋਤ ਸਿੰਘ ਨੇ ਅੱਜ ਟਾਂਡਾ ਦੇ ਵਿਧਾਇਕ ਜਸਵੀਰ ਸਿੰਘ ਰਾਜਾ ਨਾਲ ਬਿਆਸ ਦਰਿਆ ਦੇ ਪੁਲ ’ਤੇ ਬਣੇ ਧੁੱਸੀ ਬੰਨ੍ਹ ਦਾ ਜਾਇਜ਼ਾ ਲਿਆ। ਉਨ੍ਹਾਂ ਮੌਕੇ ’ਤੇ ਸਥਿਤੀ ਦਾ ਨਿਰੀਖਣ ਕਰਦਿਆਂ ਅਧਿਕਾਰੀਆਂ ਨੂੰ ਧੁੱਸੀ ਬੰਨ੍ਹ ਦੀ ਮਜ਼ਬੂਤੀ ਅਤੇ ਸੁਰੱਖਿਆ ਲਈ ਤੁਰੰਤ ਲੋੜੀਂਦੇ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਨੇ ਪਿੰਡ ਮਿਆਣੀ ਦੇ ਰਾਹਤ ਕੈਂਪ ’ਚ ਜਾ ਕੇ ਪ੍ਰਭਾਵਿਤ ਪਰਿਵਾਰਾਂ ਨਾਲ ਗੱਲਬਾਤ ਵੀ ਕੀਤੀ।
ਬਿਆਸ ਦਰਿਆ ’ਚ ਪਾਣੀ ਵਧਿਆ, ਧੁੱਸੀ ਬੰਨ੍ਹ ਨੂੰ ਖ਼ਤਰਾ
ਕਪੂਰਥਲਾ (ਜਸਬੀਰ ਸਿੰਘ ਚਾਨਾ): ਦਰਿਆ ਬਿਆਸ ਵਿੱਚ ਲਗਾਤਾਰ ਵੱਧ ਰਹੇ ਪਾਣੀ ਕਾਰਨ ਹੜ੍ਹ ਦੀ ਸਥਿਤੀ ਹੋਰ ਗੰਭੀਰ ਹੋ ਗਈ ਹੈ। ਆਹਲੀ ਅਤੇ ਚੱਕ
ਪੱਤੀ ਬਹਾਦਰ ਬੰਨ੍ਹਾਂ ਦੇ ਟੁੱਟਣ ਤੋਂ ਬਾਅਦ ਹੁਣ ਧੁਸੀ ਬੰਨ੍ਹ ਵੀ ਖਤਰੇ ਹੇਠ ਹੈ। ਪਿੰਡ ਅਲੂਵਾਲ ਦੇ ਨੇੜੇ ਲੋਕ ਆਪਣੇ ਖ਼ਰਚ ’ਤੇ ਮਿੱਟੀ ਦੇ ਬੋਰੇ ਅਤੇ ਟਰੈਕਟਰਾਂ ਦੀ ਮਦਦ ਨਾਲ ਬੰਨ੍ਹ ਨੂੰ ਮਜ਼ਬੂਤ ਕਰਨ ਵਿੱਚ ਜੁਟੇ ਹਨ। ਪਿੰਡ ਲੋਧੀਵਾਲ, ਕਬੀਰਪੁਰ, ਹਾਜੀਪੁਰ ਅਤੇ ਅਲੂਵਾਲ ਦੇ ਕਿਸਾਨਾਂ ਨੇ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਾ ਮਿਲਣ ਕਾਰਨ ਉਹ ਆਪ ਹੀ ਮੁਹਾਰੇ ਹੋ ਕੇ ਆਪਣੀਆਂ ਫਸਲਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਚੱਕਾ ਵਾਲਾ ਬੰਨ੍ਹ ਟੁੱਟਣ ਤੋਂ ਬਾਅਦ ਪਿੰਡ ਹਜ਼ਾਰਾਂ, ਬੂਲੇ, ਹਕਰ ਕੋੜਾ, ਕਿਸ਼ਨਪੁਰਾ ਤੇ ਘੜਕਾ ਦੀਆਂ ਸਾਰੀਆਂ ਫਸਲਾਂ ਪਾਣੀ ਹੇਠ ਆ ਚੁੱਕੀਆਂ ਹਨ। ਪਾਣੀ ਦੇ ਪੱਧਰ ਵਧਣ ਨਾਲ ਪਵਿੱਤਰ ਕਾਲੀ ਵੇਈਂ ਵੀ ਓਵਰਫਲੋ ਹੋਣ ਕਾਰਨ ਝੋਨੇ ਅਤੇ ਚਾਰੇ ਦੀਆਂ ਫਸਲਾਂ ਤਬਾਹ ਹੋ ਗਈਆਂ ਹਨ। ਪੀੜਤ ਕਿਸਾਨ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਦੀ ਛੇ ਏਕੜ ਝੋਨੇ ਦੀ ਫਸਲ ਅਤੇ ਡੇਢ ਏਕੜ ਚਾਰਾ ਪਿਛਲੇ ਛੇ ਦਿਨਾਂ ਤੋਂ ਪਾਣੀ ਵਿੱਚ ਡੁੱਬੇ ਹੋਏ ਹਨ ਪਰ ਅਜੇ ਤੱਕ ਪ੍ਰਸ਼ਾਸਨ ਵੱਲੋਂ ਕੋਈ ਸਹਾਇਤਾ ਨਹੀਂ ਮਿਲੀ। ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਮੰਡ ਖੇਤਰ ਦੀ ਸਥਿਤੀ ਵੀ ਵਿਗੜ ਗਈ ਹੈ। ਫਸਲਾਂ ਦੇ ਨਾਲ ਘਰਾਂ ਵਿੱਚ ਤਰੇੜਾਂ ਪੈ ਗਈਆਂ ਹਨ ਅਤੇ ਕਈ ਮਕਾਨ ਢਹਿ ਚੁੱਕੇ ਹਨ। ਪਿੰਡ ਹਜ਼ਾਰਾਂ ਦੀ ਇਕ ਗਰੀਬ ਔਰਤ ਨੇ ਦੱਸਿਆ ਕਿ ਰਾਤ ਨੂੰ ਅਚਾਨਕ ਪਾਣੀ ਆਉਣ ਨਾਲ ਉਹ ਬੱਚਿਆਂ ਸਮੇਤ ਘਰ ਵਿੱਚ ਫਸ ਗਈ ਸੀ। ਉਸ ਦੀ ਜਾਨ ਪਿੰਡ ਵਾਸੀਆਂ ਨੇ ਹੀ ਬਚਾਈ। ਪਾਣੀ ਦੇ ਵਧਦੇ ਪੱਧਰ ਕਾਰਨ ਕਾਲੀ ਵੇਈਂ ਉੱਤੇ ਬਣਿਆ ਪਲਟੂਨ ਪੁਲ ਵੀ ਹਟਾ ਦਿੱਤਾ ਗਿਆ ਹੈ। ਹੜ੍ਹ ਕਾਰਨ ਹਜ਼ਾਰਾਂ ਏਕੜ ਫਸਲਾਂ ਬਰਬਾਦ ਹੋ ਚੁੱਕੀਆਂ ਹਨ ਤੇ ਕਿਸਾਨਾਂ ਨੇ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਤੁਰੰਤ ਮਦਦ ਦੀ ਗੁਹਾਰ ਲਗਾਈ ਹੈ। ਇਸੇ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਹੈ ਕਿ ਕਮੇਟੀ ਵੱਲੋਂ ਕੀਤੇ ਜਾ ਰਹੇ ਰਾਹਤ ਕਾਰਜਾਂ ਨੂੰ ਰੋਕਣ ਦੀ ਸਰਕਾਰ ਅਤੇ ਆਪ ਦੇ ਕੁਝ ਆਗੂਆਂ ਦੀ ਕੋਸ਼ਿਸ਼ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਧਾਮੀ ਅੱਜ ਸੁਲਤਾਨਪੁਰ ਲੋਧੀ ਦੇ ਮੰਡ ਇਲਾਕੇ ਵਿੱਚ ਹੜ੍ਹ ਪੀੜਤਾਂ ਨੂੰ ਰਾਹਤ ਸਮੱਗਰੀ ਵੰਡਣ ਪਹੁੰਚੇ।
ਡਾ. ਰਾਜ ਨੇ ਧੁੱਸੀ ਤੇ ਕੁੱਕੜਾਂ ਬੰਨ੍ਹ ਦੀ ਮੁਰੰਮਤ ਲਈ 50 ਲੱਖ ਰੁਪਏ ਦਿੱਤੇ
ਹੁਸ਼ਿਆਰਪੁਰ (ਨਿੱਜੀ ਪੱਤਰ ਪ੍ਰੇਰਕ): ਪੰਜਾਬ ’ਚ ਹਾਲ ਹੀ ’ਚ ਆਏ ਹੜ੍ਹਾਂ ਖਾਸ ਕਰਕੇ ਹੁਸ਼ਿਆਰਪੁਰ ਸੰਸਦੀ ਹਲਕੇ ਵਿਚ ਹੋਏ ਵਿਆਪਕ ਨੁਕਸਾਨ ਸਬੰਧੀ ਆਫ਼ਤ ਪ੍ਰਬੰਧਨ ਅਤੇ ਪੁਨਰਵਾਸ ਯਤਨਾਂ ਵਿੱਚ ਯੋਗਦਾਨ ਲਈ ਲੋਕ ਸਭਾ ਮੈਂਬਰ ਡਾ. ਰਾਜ ਕੁਮਾਰ ਚੱਬੇਵਾਲ ਨੇ ਐਮਪੀ ਲੈਡ ਫੰਡ ਵਿਚੋਂ 50 ਲੱਖ ਰੁਪਏ ਹੁਸ਼ਿਆਰਪੁਰ ਪ੍ਰਸ਼ਾਸਨ ਨੂੰ ਜਾਰੀ ਕੀਤੇ ਹਨ। ਇਹ ਚੈੱਕ ਡਾ. ਰਾਜ ਕੁਮਾਰ ਵਲੋਂ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਜਾਰੀ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਭਾਰੀ ਮੀਂਹ ਦੇ ਨਾਲ ਹੀ ਹਲਕੇ ਦੇ ਛੋਟੇ ਡੈਮਾਂ ’ਚ ਆਏ ਵਾਧੂ ਪਾਣੀ ਕਾਰਨ ਮੁਕੇਰੀਆਂ, ਟਾਂਡਾ, ਚੱਬੇਵਾਲ, ਹੁਸ਼ਿਆਰਪੁਰ ਅਤੇ ਹਰਗੋਬਿੰਦਪੁਰ ਦੇ ਬਹੁਤ ਸਾਰੇ ਖੇਤਰ ਹੜ੍ਹਾਂ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹਨ। ਉਨ੍ਹਾਂ ਕਿਹਾ ਕਿ ਇਸ ਫੰਡ ਦਾ ਇਕ ਵੱਡਾ ਹਿੱਸਾ ਮੁਕੇਰੀਆਂ ਵਿਧਾਨ ਸਭਾ ਹਲਕੇ ਵਿਚ ਧੁੱਸੀ ਬੰਨ੍ਹ ਤੇ ਚੱਬੇਵਾਲ ਵਿਧਾਨ ਸਭਾ ਹਲਕੇ ਵਿਚ ਕੁੱਕੜਾਂ ਬੰਨ੍ਹ ਦੀ ਮਜ਼ਬੂਤੀ ਅਤੇ ਮੁਰੰਮਤ ਲਈ ਵਰਤਿਆ ਜਾਵੇਗਾ।
ਅੰਮ੍ਰਿਤਸਰ ਜ਼ਿਲ੍ਹੇ ’ਚ ਮੀਂਹ ਕਾਰਨ ਜਨ-ਜੀਵਨ ਪ੍ਰਭਾਵਿਤ; ਫਗਵਾੜਾ ਸ਼ਹਿਰ ਜਲ-ਥਲ
ਅੰਮ੍ਰਿਤਸਰ (ਜਗਤਾਰ ਸਿੰਘ ਲਾਂਬਾ): ਅੱਜ ਸਾਰਾ ਦਿਨ ਪਏ ਮੀਂਹ ਪਏ ਮੀਂਹ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਮੁੱਚੇ ਜਨ-ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਪਰ ਇਸ
ਦੌਰਾਨ ਹੜ੍ਹ ਪ੍ਰਭਾਵਿਤ ਖੇਤਰ ਵਿੱਚ ਰਾਹਤ ਕਾਰਜ ਜਾਰੀ ਰੱਖੇ ਗਏ ਹਨ। ਮੌਸਮ ਵਿਭਾਗ ਤੋਂ ਮਿਲੀ ਜਾਣਕਾਰੀ ਮੁਤਾਬਕ ਅੱਜ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਲਗਪਗ 78.9 ਐਮਐਮ ਬਾਰਿਸ਼ ਦਰਜ ਕੀਤੀ ਗਈ ਹੈ। ਇਸ ਦੌਰਾਨ ਵੱਧ ਤੋਂ ਵੱਧ ਤਾਪਮਾਨ 27.2 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 23.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ। ਬਾਰਿਸ਼ ਦੇ ਕਾਰਨ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਭਗ 6 ਡਿਗਰੀ ਸੈਲਸੀਅਸ ਗਿਰਾਵਟ ਆਈ ਹੈ। ਇਸ ਦੌਰਾਨ ਮੌਸਮ ਵਿਭਾਗ ਪਹਿਲੀ ਸਤੰਬਰ ਨੂੰ ਵੀ ਪੰਜਾਬ ਵਿੱਚ ਕਈ ਥਾਵਾਂ ਤੇ ਭਾਰੀ ਬਾਰਿਸ਼ ਦੀ ਪੇਸ਼ੀਨਗੋਈ ਕੀਤੀ ਗਈ ਹੈ। ਬਾਰਿਸ਼ ਦੇ ਕਾਰਨ ਸ਼ਹਿਰ ਤੇ ਨੀਵੇਂ ਇਲਾਕਿਆ ਵਿੱਚ ਪਾਣੀ ਭਰ ਗਿਆ।
ਫਗਵਾੜਾ (ਪੱਤਰ ਪ੍ਰੇਰਕ): ਫਗਵਾੜਾ ਸ਼ਹਿਰ ਅੱਜ ਤੜਕੇ ਤਿੰਨ ਵਜੇ ਤੋਂ ਲਗਾਤਾਰ ਹੋ ਪੈ ਰਹੇ ਮੀਂਹ ਕਾਰਨ ਰਹੀ ਬਾਰਿਸ਼ ਕਾਰਨ ਪੂਰੀ ਤਰ੍ਹਾਂ ਜਲਥਲ ਹੋ ਗਿਆ। ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਅਰਬਨ ਅਸਟੇਟ, ਪ੍ਰੇਮਪੁਰਾ, ਪੁਰਾਣਾ ਡਾਕਖਾਨਾ ਰੋਡ, ਬੰਗਾ ਰੋਡ, ਸਰਾਏ ਰੋਡ, ਗਊਸ਼ਾਲਾ ਰੋਡ, ਖੇੜਾ ਰੋਡ, ਪਲਾਹੀ ਰੋਡ, ਹਦੀਆਬਾਦ, ਸੁਭਾਸ਼ ਨਗਰ ਅਤੇ ਸਿਵਲ ਹਸਪਤਾਲ ਵਰਗੇ ਅਹਿਮ ਇਲਾਕੇ ਪਾਣੀ ਨਾਲ ਭਰ ਗਏ।ਮੀਂਹ ਦਾ ਪਾਣੀ ਘਰਾਂ ਤੇ ਦੁਕਾਨਾਂ ਵਿੱਚ ਵੜ ਗਿਆ, ਜਿਸ ਨਾਲ ਦੁਕਾਨਦਾਰਾਂ ਦਾ ਨੁਕਸਾਨ ਵੀ ਹੋਇਆ।