DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗੋਲੀ ਕਾਂਡ ਦੇ ਮੁਲਜ਼ਮਾਂ ਖ਼ਿਲਾਫ਼ ਕਾਰਵਾਈ ਲਈ ਬਟਾਲਾ ਬੰਦ

ਨਿਆਂ ਦੀ ਮੰਗ ਅਤੇ ਗੋਲੀਕਾਂਡ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਬਟਾਲਾ ਬੰਦ ਦੇ ਸੱਦੇ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਕਈ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤੇ। ਸਨਅਤੀ ਨਗਰ ਬਟਾਲਾ ਦੇ ਅੰਦਰਲੇ ਪਾਸੇ...

  • fb
  • twitter
  • whatsapp
  • whatsapp
Advertisement

ਨਿਆਂ ਦੀ ਮੰਗ ਅਤੇ ਗੋਲੀਕਾਂਡ ਦੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦਿਵਾਉਣ ਲਈ ਵੱਖ ਵੱਖ ਜਥੇਬੰਦੀਆਂ ਵੱਲੋਂ ਦਿੱਤੇ ਬਟਾਲਾ ਬੰਦ ਦੇ ਸੱਦੇ ਨੂੰ ਅੱਜ ਭਰਵਾਂ ਹੁੰਗਾਰਾ ਮਿਲਿਆ। ਇਸ ਦੌਰਾਨ ਕਈ ਜਥੇਬੰਦੀਆਂ ਨੇ ਰੋਸ ਪ੍ਰਦਰਸ਼ਨ ਕੀਤੇ। ਸਨਅਤੀ ਨਗਰ ਬਟਾਲਾ ਦੇ ਅੰਦਰਲੇ ਪਾਸੇ ਦੁਕਾਨਦਾਰਾਂ ਅਤੇ ਹੋਰ ਵਪਾਰੀ ਵਰਗ ਨੇ ਆਪਣੇ ਕਾਰੋਬਾਰ ਜਿੱਥੇ ਬੰਦ ਰੱਖੇ, ਉਥੇ ਨਗਰ ਦੇ ਨਿੱਜੀ ਸਕੂਲ ਵੀ ਬੰਦ ਰਹੇ। ਇਸ ਮੌਕੇ ਵੱਖ ਵੱਖ ਜਥੇਬੰਦੀਆਂ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਰਵਾ ਚੌਥ ਵਾਲੇ ਦਿਨ (ਸ਼ੁੱਕਰਵਾਰ ਰਾਤ) ਅੱਧੀ ਦਰਜਨ ਅਣਪਛਾਤੇ ਨੌਜਵਾਨਾਂ ਵੱਲੋਂ ਗੋਲੀਆਂ ਚਲਾ ਕੇ ਦੋ ਜਣਿਆਂ ਦੀ ਹੱਤਿਆ ਕਰ ਦਿੱਤੀ ਗਈ ਤੇ ਪੰਜ ਹੋਰਾਂ ਨੂੰ ਜ਼ਖ਼ਮੀ ਕਰ ਦਿੱਤਾ ਗਿਆ। ਇਨ੍ਹਾਂ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਆਗੂਆਂ ਨੇ ਦੱਸਿਆ ਕਿ ਲੰਘੇ ਕਰੀਬ ਤਿੰਨ-ਚਾਰ ਸਾਲਾਂ ਤੋਂ ਗੈਂਗਸਟਰਾਂ ਵੱਲੋਂ ਵਪਾਰੀ ਵਰਗ ਕੋਲੋਂ ਮੋਟੀਆ ਰਕਮਾਂ ਵਸੂਲੀ ਦਾ ਸਿਲਸਿਲਾ ਜਾਰੀ ਹੈ ਤੇ ਜੋ ਵਪਾਰੀ ਆਨਾਕਾਨੀ ਕਰਦੇ ਹਨ, ਉਨ੍ਹਾਂ ਦੇ ਘਰਾਂ, ਦੁਕਾਨਾਂ/ਫੈਕਟਰੀਆਂ ’ਤੇ ਗੋਲੀਆਂ ਚਲਾ ਕੇ ਧਮਕਾਇਆ ਜਾਂਦਾ ਹੈ। ਉਧਰ ਪੁਲੀਸ ਵੱਲੋਂ ਅੱਜ ਬਟਾਲਾ ’ਚ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ। ਇੱਕ ਪੁਲੀਸ ਅਧਿਕਾਰੀ ਨੇ ਪ੍ਰਦਰਸ਼ਨਕਾਰੀਆਂ ਨੂੰ ਦੱਸਿਆ ਕਿ ਘਟਨਾ ’ਚ ਸ਼ਾਮਲ ਦੋ ਮੁਲਜ਼ਮ ਤਾਂ ਕਾਬੂ ਕਰ ਲਏ ਗਏ ਹਨ, ਫ਼ਰਾਰ ਮੁਲਜ਼ਮ ਵੀ ਜਲਦ ਕਾਬੂ ਕਰਨ ਦਾ ਭਰੋਸਾ ਦਿੱਤਾ। ਇਸ ਘਟਨਾ ’ਤੇ ਪੀੜਤ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਸਾਬਕਾ ਉਪ ਮੁੱਖ ਮੰਤਰੀ ਅਤੇ ਐਮਪੀ ਸੁਖਜਿੰਦਰ ਸਿੰਘ ਰੰਧਾਵਾ, ਭਾਜਪਾ ਦੇ ਸੀਨੀਅਰ ਲੀਡਰ ਤੀਕਸ਼ਣ ਸੂਦ ਸਮੇਤ ਹੋਰ ਆਗੂ ਇੱਥੇ ਆਏ। ਇਨ੍ਹਾਂ ਆਗੂਆਂ ਨੇ ਬਟਾਲਾ ਸਮੇਤ ਪੰਜਾਬ ’ਚ ਅਮਨ ਕਾਨੂੰਨ ਦੀ ਦਿਨੋਂ ਦਿਨ ਵਿਗੜ ਰਹੀ ਹਾਲਤ ’ਤੇ ਚਿੰਤਾ ਜਤਾਈ ਅਤੇ ਗੈਂਗਸਟਰਾਂ ਵਿਰੁੱਧ ਸਖ਼ਤ ਕਾਰਵਾਈ ਮੰਗੀ। ਸ਼ੁੱਕਰਵਾਰ ਦੇਰ ਸ਼ਾਮ ਗੋਲੀਕਾਂਡ ’ਚ ਮਾਰੇ ਗਏ ਨਿਰਦੋਸ਼ ਲੋਕਾਂ ਦੇ ਕਾਤਲਾਂ ਨੂੰ ਸਖ਼ਤ ਸਜ਼ਾਵਾਂ ਦੇਣ ਅਤੇ ਬਟਾਲਾ ’ਚ ਆਏ ਦਿਨ ਗੈਂਗਸਟਰਾਂ ਵੱਲੋਂ ਧਮਕੀਆਂ ਦੇ ਕੇ ਪੈਸੇ ਬਟੋਰਨ ਦੇ ਸਿਲਸਿਲੇ ਨੂੰ ਬੰਦ ਕਰਨ ਲਈ ਅੱਜ ਬਟਾਲਾ ਬੰਦ ਦਾ ਸੱਦਾ ਦਿੱਤਾ ਗਿਆ। ਕਾਂਗਰਸ ਆਗੂਆਂ ਅਤੇ ਸਮਰਥਕਾਂ ਨੇ ਇਹ ਰੋਸ ਪ੍ਰਦਰਸ਼ਨ ਗੋਲੀਕਾਂਡ ਸਥਾਨ ਨੇੜੇ ਹੋਟਲ ਚੰਦਾ ਖਾਨਾ ਖਜ਼ਾਨਾ ਤੋਂ ਸ਼ੁਰੂ ਕੀਤਾ। ਜਦੋਂ ਕਿ ਵਿਸ਼ਵ ਹਿੰਦੂ ਪ੍ਰੀਸ਼ਦ, ਬਜਰੰਗ ਦਲ, ਸ਼ਿਵ ਸੈਨਾ (ਬਾਲ ਠਾਕਰੇ), ਸ਼ਿਵ ਸੈਨਾ (ਹਿੰਦੋਸਤਾਨ) ਸਮੇਤ ਹੋਰ ਜਥੇਬੰਦੀਆਂ ਵੱਲੋਂ ਇਹ ਪ੍ਰਦਰਸ਼ਨ ਕਿਲ੍ਹਾ ਮੰਡੀ ਤੋਂ ਸ਼ੁਰੂ ਕੀਤਾ ਗਿਆ। ਬੁਲਾਰਿਆਂ ਨੇ ਪੰਜਾਬ ਸਰਕਾਰ ’ਤੇ ਅਮਨ ਕਾਨੂੰਨ ਦੀ ਵਿਗੜਦੀ ਹਾਲਤ ’ਤੇ ਖੂਬ ਭੜਾਸ ਕੱਢੀ। ਆਗੂਆਂ ਨੇ ਗੋਲੀਕਾਂਡ ਦੇ ਮੁਲਜ਼ਮਾਂ ਅਤੇ ਗੈਂਗਸਟਰਾਂ ਵਿਰੁੱਧ ਕਾਰਵਾਈ ਕਰਨ ਦੀ ਮੰਗ ਰੱਖੀ।

ਪਹਿਲੀਆਂ ਸਰਕਾਰਾਂ ਨੇ ਗੈਂਗਸਟਰਾਂ ਦੀ ਪੁਸ਼ਤਪਨਾਹੀ ਕੀਤੀ: ਸ਼ੈਰੀ ਕਲਸੀ

Advertisement

ਆਮ ਆਦਮੀ ਪਾਰਟੀ ਦੇ ਪੰਜਾਬ ਕਾਰਜਕਾਰੀ ਪ੍ਰਧਾਨ ਅਮਨਸ਼ੇਰ ਸਿੰਘ ਸ਼ੈਰੀ ਕਲਸੀ ਨੇ ਗੋਲੀਕਾਂਡ ’ਚ ਮਾਰੇ ਗਏ ਨੌਜਵਾਨਾਂ ਦੇ ਪੀੜਤ ਪਰਿਵਾਰਾਂ ਨਾਲ ਹਮਦਰਦੀ ਪ੍ਰਗਟਾਉਂਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੇ ਨਾਲ ਹਨ। ਸ਼੍ਰੀ ਕਲਸੀ ਨੇ ਇਨ੍ਹਾਂ ਪੀੜਤ ਪਰਿਵਾਰਾਂ ਨੂੰ ਢਾਲ ਬਣਾ ਕੇੇ ਰੋਸ ਪ੍ਰਦਰਸ਼ਨ ਕਰਨ ਵਾਲੇ ਆਗੂਆਂ ਤੇ ਰਾਜਸੀ ਧਿਰਾਂ ਤੋਂ ਪੁੱਛਿਆ ਕਿ ਇਹ ਗੈਂਗਸਟਰਵਾਦ ਦੇਣ ਕਿਸ ਦੀ ਹੈ? ਉਨ੍ਹਾਂ ਸਪੱਸ਼ਟ ਕੀਤਾ ਕਿ ਪੰਜਾਬ ਸਰਕਾਰ ਅਮਨ ਸ਼ਾਂਤੀ ਭੰਗ ਕਰਨ ਵਾਲੇ ਲੋਕਾਂ ਨੂੰ ਕਿਸੇ ਵੀ ਕੀਮਤ ’ਤੇ ਨਹੀਂ ਬਖ਼ਸ਼ੇਗੀ। ਉਨ੍ਹਾਂ ਕਾਂਗਰਸ, ਭਾਜਪਾ-ਅਕਾਲੀ ਦਲ ਦੇ ਲੀਡਰਾਂ ਤੋਂ ਪੁੱਛਿਆ ਕਿ ਇਹ ਗੈਂਗਸਟਰਵਾਦ ਕਿਹੜੀ ਸਰਕਾਰਾਂ ਦੌਰਾਨ ਪ੍ਰਫੁੱਲਤ ਹੋਇਆ, ਇਹ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ। ‘ਆਪ’ ਦੇ ਸੂਬਾਈ ਕਾਰਜਕਾਰੀ ਪ੍ਰਧਾਨ ਕਲਸੀ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਤੋਂ ਨਾਮੀ ਗੈਂਗਸਟਰ ਨੂੰ ਮਹਿਮਾਨ ਬਣਾ ਕੇ ਪੰਜਾਬ ਦੀ ਇੱਕ ਜੇਲ੍ਹ ’ਚ ਰੱਖਣਾ ਇਹ ਸਭ ਲੋਕ ਜਾਣਦੇ ਹਨ। ਪੰਜਾਬ ਦੀਆਂ ਤਤਕਾਲੀ ਸਰਕਾਰਾਂ ਵੱਲੋਂ ਗੈਂਗਸਟਰਾਂ ਪ੍ਰਤੀ ਹੇਜ ਰਿਹਾ, ਪੰਜਾਬ ਦੇ ਲੋਕ ਇਸ ਨੂੰ ਵੀ ਨਹੀਂ ਭੁੱਲ ਸਕਦੇ। ਉਨ੍ਹਾਂ ਜ਼ਿਲ੍ਹਾ ਪੁਲੀਸ ਬਟਾਲਾ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਆਪਸੀ ਭਾਈਚਾਰਕ ਸਾਂਝ ਬਣਾ ਕੇ ਰੱਖਣ। ਸ਼੍ਰੀ ਕਲਸੀ ਨੇ ਫਿਰ ਦੁਹਰਾਇਆ ਕਿ ਬਟਾਲਾ ਗੋਲੀਕਾਂਡ ਦੇ ਮੁਲਜ਼ਮਾਂ ਵਿਰੁੱਧ ਸਖ਼ਤ ਕਾਰਵਾਈ ਹੋਵੇਗੀ।

Advertisement

Advertisement
×