ਤਖ਼ਤ ਸੱਚਖੰਡ ਸ੍ਰੀ ਹਜ਼ੂਰ ਅਬਿਚਲਨਗਰ ਸਾਹਿਬ ਨਾਂਦੇੜ ਵਿੱਚ ਬੰਦੀ ਛੋੜ ਦਿਵਸ ਸ਼ਰਧਾ ਨਾਲ ਮਨਾਇਆ ਗਿਆ। ਇਸ ਮੌਕੇ ਗੁਰਦੁਆਰਾ ਸੱਚਖੰਡ ਬੋਰਡ ਦੇ ਮੁੱਖ ਪ੍ਰਬੰਧਕ ਡਾ. ਵਿਜੈ ਸਤਬੀਰ ਸਿੰਘ (ਸਾਬਕਾ ਆਈ ਏ ਐਸ ) ਨੇ ਦੱਸਿਆ ਕਿ ਵਿਸ਼ਵ ਭਰ ਤੋਂ ਹਜ਼ਾਰਾਂ ਸ਼ਰਧਾਲੂ ਤਖ਼ਤ ਸਾਹਿਬ ਪਹੁੰਚ ਕੇ ਦੀਵੇ ਬਾਲ ਕੇ ਗੁਰੂ ਮਹਾਰਾਜ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕੀਤਾ।
ਉਨ੍ਹਾਂ ਕਿਹਾ ਕਿ ਬੰਦੀਛੋੜ ਦਿਵਸ ਉਸ ਮਹਾਨ ਇਤਿਹਾਸਕ ਘਟਨਾ ਦੀ ਯਾਦ ਹੈ ਜਦੋਂ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਗਵਾਲੀਅਰ ਕਿਲ੍ਹੇ ਤੋਂ 52 ਰਾਜਿਆਂ ਸਮੇਤ ਰਿਹਾਅ ਹੋ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਪਹੁੰਚੇ ਸਨ। ਤਖ਼ਤ ਸੱਚਖੰਡ ਸਾਹਿਬ ਵਿਖੇ ਪੁਰਾਤਨ ਮਰਯਾਦਾ ਅਨੁਸਾਰ ਦੀਪਮਾਲਾ ਮਹੱਲੇ ਦੇ ਸਨਮਾਨ ’ਚ ਤੋਪਾਂ ਦੀ ਸਲਾਮੀ ਦਿੱਤੀ ਗਈ। ਜਥੇਦਾਰ ਸਿੰਘ ਸਾਹਿਬ ਸੰਤ ਕੁਲਵੰਤ ਸਿੰਘ ਤੇ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਅਰਦਾਸ ਉਪਰੰਤ ਜੈਕਾਰਿਆਂ ਦੀ ਗੂੰਜ ਨਾਲ ਦੀਪਮਾਲਾ ਮਹੱਲਾ ਸ਼ੁਰੂ ਹੋਇਆ।
ਮਹੱਲੇ ’ਚ ਨਿਸ਼ਾਨਚੀ ਸਿੰਘ, ਸੋਨਾ-ਚਾਂਦੀ ਜੜਤ ਕਾਠੀ ਵਾਲੇ ਘੋੜੇ, ਨਗਾਰਚੀ ਸਿੰਘ, ਹਜ਼ੂਰੀ ਖ਼ਾਲਸਾ, ਸ਼ਬਦ ਕੀਰਤਨੀ ਜਥੇ, ਗਤਕਾ ਟੀਮਾਂ, ਬੈਂਡ ਪਾਰਟੀਆਂ ਅਤੇ ਦੇਸ਼ ਭਰ ਤੋਂ ਆਏ ਸ਼ਰਧਾਲੂ ਸ਼ਾਮਲ ਹੋਏ। ਦੀਪਮਾਲਾ ਮਹੱਲਾ ਗੁਰਦੁਆਰਾ ਬਾਉਲੀ ਦਮਦਮਾ ਸਾਹਿਬ, ਬਾਫਨਾ ਚੋਕ, ਸ਼ਹੀਦ ਭਗਤ ਸਿੰਘ ਰੋਡ, ਅਬਿਚਲਨਗਰ ਅਤੇ ਮੋਂਢਾ ਰਾਹੀਂ ਹੁੰਦਾ ਹੋਇਆ ਗੁਰਦੁਆਰਾ ਨਗੀਨਾਘਾਟ ਸਾਹਿਬ ਵਿਖੇ ਪੁੱਜਿਆ। ਮੁੱਖ ਪ੍ਰਬੰਧਕ ਡਾ ਵਿਜੇ ਸਤਬੀਰ ਸਿੰਘ ਤੇ ਸ੍ਰੀ ਹਰਜੀਤ ਸਿੰਘ ਕੜ੍ਹੇਵਾਲੇ (ਸੁਪਰਡੈਂਟ) ਨੇ ਬੰਦੀਛੋੜ ਦਿਵਸ ਦੀਪਮਾਲਾ ਮੁਹੱਲੇ ’ਚ ਸ਼ਾਮਲ ਹੋਈਆਂ।

