ਸਾਈ ਸੋਨੀਪਤ ਨੇ ਜਿੱਤੀ ਪੰਜਾਬ ਹਾਕੀ ਲੀਗ
ਖ਼ਿਤਾਬੀ ਮੁਕਾਬਲੇ ਵਿੱਚ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੂੰ ਹਰਾਇਆ; ਆਸ਼ੀਸ ਤਨੀ ਪੂਰਤੀ ਨੂੰ ਸਰਵੋਤਮ ਖਿਡਾਰੀ ਐਲਾਨਿਆ
ਸਾਈ ਸੋਨੀਪਤ ਨੇ ਨੇਵਲ ਟਾਟਾ ਹਾਕੀ ਅਕੈਡਮੀ ਜਮਸ਼ੇਦਪੁਰ ਨੂੰ ਸਖਤ ਮੁਕਾਬਲੇ ਵਿੱਚ 4-3 ਨਾਲ ਹਰਾ ਕੇ ਪੰਜਾਬ ਹਾਕੀ ਲੀਗ-2025 ਆਪਣੇ ਨਾਮ ਕਰ ਲਈ ਹੈ। ਓਲੰਪੀਅਨ ਸੁਰਜੀਤ ਹਾਕੀ ਅਕੈਡਮੀ ਵਿੱਚ ਹਾਕੀ ਪੰਜਾਬ ਅਤੇ ਰਾਊਂਡ ਗਲਾਸ ਸਪੋਰਟਸ ਵਲੋਂ ਕਰਵਾਈ ਗਈ ਇਸ ਲੀਗ ਵਿੱਚ ਰਾਊਂਡ ਗਲਾਸ ਹਾਕੀ ਅਕੈਡਮੀ ਨੇ ਸੁਰਜੀਤ ਹਾਕੀ ਅਕੈਡਮੀ ਜਲੰਧਰ ਨੂੰ 4-2 ਨਾਲ ਹਰਾ ਕੇ ਤੀਸਰਾ ਸਥਾਨ ਹਾਸਲ ਕੀਤਾ। ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ। ਜੇਤੂ ਟੀਮ ਨੂੰ 30 ਲੱਖ ਰੁਪਏ ਨਕਦ ਦਾ ਇਨਾਮ ਅਤੇ ਟਰਾਫੀ ਦਿੱਤੀ ਗਈ। ਨੇਵਲ ਟਾਟਾ ਅਕੈਡਮੀ ਦੇ ਆਸ਼ੀਸ ਤਨੀ ਪੂਰਤੀ ਨੂੰ ਲੀਗ ਦਾ ਸਰਵੋਤਮ ਖਿਡਾਰੀ ਐਲਾਨਿਆ ਗਿਆ। ਉਸ ਦਾ ਬੁੱਲੇਟ ਮੋਟਰਸਾਈਕਲ ਨਾਲ ਸਨਮਾਨ ਕੀਤਾ ਗਿਆ। ਨਾਮਧਾਰੀ ਅਕੈਡਮੀ ਦੇ ਹਿੰਮਤ ਸਿੰਘ ਨੂੰ ਲੀਗ ਦਾ ਬਿਹਤਰੀਨ ਗੋਲਕੀਪਰ ਐਲਾਨਿਆ ਗਿਆ।
ਸਾਈ ਸੋਨੀਪਤ ਦੇ ਨਵਰਾਜ ਸਿੰਘ ਨੂੰ ਬਿਹਤਰੀਨ ਡਿਫੈਂਡਰ, ਰਾਊਂਡ ਗਲਾਸ ਅਕੈਡਮੀ ਸਨੀ ਨੂੰ ਬਿਹਤਰੀਨ ਹਾਫ ਬੈਕ ਅਤੇ ਸੁਰਜੀਤ ਹਾਕੀ ਅਕੈਡਮੀ ਦੇ ਅਭਿਸ਼ੇਕ ਗੋਰਖੀ ਨੂੰ ਬਿਹਤਰੀਨ ਫਾਰਵਰਡ ਐਲਾਨਿਆ ਗਿਆ। ਇਨ੍ਹਾਂ ਸਾਰਿਆਂ ਨੂੰ 25-25 ਹਜ਼ਾਰ ਰੁਪਏ ਨਕਦ ਨਾਲ ਸਨਮਾਨਿਤ ਕੀਤਾ ਗਿਆ। ਫਾਈਨਲ ਮੈਚ ਤੋਂ ਪਹਿਲਾਂ ਸਾਬਕਾ ਓਲੰਪੀਅਨ ਖਿਡਾਰੀਆਂ ਅਤੇ ਮੌਜੂਦਾ ਓਲੰਪੀਅਨ ਖਿਡਾਰੀਆਂ ਦਰਮਿਆਨ ਮੈਚ ਕਰਵਾਇਆ ਗਿਆ ਜਿਸ ਵਿੱਚ ਹਰਮਨਪ੍ਰੀਤ ਇਲੈਵਨ ਨੇ ਗਗਨਅਜੀਤ ਇਲੈਵਨ ਨੂੰ 4-0 ਨਾਲ ਹਰਾਇਆ। ਇਸ ਮੌਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਦੀ ਹਾਕੀ ਨੂੰ ਉੱਪਰ ਚੁੱਕਣ ਲਈ ਇਹ ਹਾਕੀ ਪੰਜਾਬ ਅਤੇ ਰਾਊਂਡ ਗਲਾਸ ਸਪੋਰਟਸ ਦਾ ਬਹੁਤ ਵੱਡਾ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਜਲੰਧਰ ਦੇ ਇਸ ਸਟੇਡੀਅਮ ਨੇ ਭਾਰਤੀ ਹਾਕੀ ਨੂੰ ਬਹੁਤ ਸਾਰੇ ਓਲੰਪੀਅਨ ਦਿੱਤੇ ਹਨ ਉਨ੍ਹਾਂ ਨੂੰ ਆਸ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਸ ਲੀਗ ਦੀ ਬਦੌਲਤ ਹੋਰ ਪੰਜਾਬੀ ਖਿਡਾਰੀ ਭਾਰਤੀ ਹਾਕੀ ਟੀਮ ਵਿੱਚ ਸਥਾਨ ਬਣਾਉਣਗੇ।
ਫਾਈਨਲ ਮੈਚ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਖਿਡਾਰੀਆਂ ਅਤੇ ਓਲੰਪੀਅਨਾਂ ਨਾਲ ਜਾਣ-ਪਛਾਣ ਕੀਤੀ। ਇਸ ਮੌਕੇ ਸੰਸਦ ਮੈਂਬਰ ਡਾ. ਅਸ਼ੋਕ ਮਿੱਤਲ, ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ, ਕੈਬਨਿਟ ਮੰਤਰੀ ਮੋਹਿੰਦਰ ਭਗਤ, ਮੇਅਰ ਵਿਨੀਤ ਧੀਰ, ਓਲੰਪੀਅਨ ਹਰਮਨਪ੍ਰੀਤ ਸਿੰਘ, ਵਰੁਣ ਕੁਮਾਰ, ਜਰਮਨਪ੍ਰੀਤ ਸਿੰਘ, ਮਨਦੀਪ ਸਿੰਘ, ਕ੍ਰਿਸ਼ਨ ਬਹਾਦੁਰ ਪਾਠਕ, ਰਾਹੁਲ ਸਿੰਘ, ਮੁਹੁੰਦ ਰਿਆਜ਼, ਕੰਵਲਪ੍ਰੀਤ ਸਿੰਘ, ਬਲਜੀਤ ਸਿੰਘ ਢਿਲੋਂ, ਜਸਵਿੰਦਰ ਸਿੰਘ, ਇੰਦਰਜੀਤ ਸਿੰਘ ਚੱਢਾ, ਰਮਨਦੀਪ ਸਿੰਘ, ਹਰਪ੍ਰੀਤ ਸਿੰਘ ਮੰਡੇਰ, ਜੁਗਰਾਜ ਸਿੰਘ, ਗਗਨਅਜੀਤ ਸਿੰਘ, ਰਾਜਬੀਰ ਕੌਰ ਆਦਿ ਹਾਜ਼ਰ ਸਨ।