ਸੁਜਾਨਪੁਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਨੌਜਵਾਨ ਵੱਲੋਂ ਬੱਚੀ ਨੂੰ ਕਥਿਤ ਅਗਵਾ ਕਰਨ ਦੀ ਕੋਸ਼ਿਸ਼ ਕੀਤੀ ਗਈ। ਬੱਚੀ ਦੇ ਪਰਿਵਾਰਕ ਮੈਂਬਰਾਂ ਤੇ ਰਿਸ਼ਤੇਦਾਰਾਂ ਨੇ ਇਸ ਘਟਨਾ ਨੂੰ ਲੈ ਕੇ ਹਸਪਤਾਲ ਅੱਗੇ ਰੋਸ ਪ੍ਰਦਰਸ਼ਨ ਕੀਤਾ। ਸੁਜਾਨਪੁਰ ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਇੱਕ ਸਾਲ ਦੀ ਬੱਚੀ ਨੂੰ ਅਗਵਾ ਕਰਨ ਦੇ ਦੋਸ਼ ਹੇਠ ਕੇਸ ਦਰਜ ਲਿਆ ਹੈ। ਮੁਲਜ਼ਮ ਦੀ ਪਛਾਣ ਗੋਪੀ ਵਾਸੀ ਸੁਜਾਨਪੁਰ ਵਜੋਂ ਹੋਈ ਹੈ। ਉਸ ਖ਼ਿਲਾਫ਼ ਪਹਿਲਾਂ ਵੀ ਐੱਨ ਡੀ ਪੀ ਐੱਸ ਐਕਟ ਤਹਿਤ ਕੇਸ ਦਰਜ ਹੈ। ਪੁਲੀਸ ਨੇ ਮੁਲਜ਼ਮ ਨੂੰ ਅਦਾਲਤ ਵਿੱਚ ਪੇਸ਼ ਕਰਕੇ ਉਸ ਦਾ ਇੱਕ ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਬੱਚੀ ਨੂੰ ਅਗਵਾ ਕਰਕੇ ਕਿੱਥੇ ਲਿਜਾ ਰਿਹਾ ਸੀ। ਹਾਲਾਂਕਿ, ਬੱਚੀ ਦੇ ਪਰਿਵਾਰ ਤੇ ਰਿਸ਼ਤੇਦਾਰਾਂ ਨੇ ਅਗਵਾ ਦੀ ਕੋਸ਼ਿਸ਼ ਨੂੰ ਲੈ ਕੇ ਹਸਪਤਾਲ ਅੱਗੇ ਪ੍ਰਦਰਸ਼ਨ ਕੀਤਾ ਅਤੇ ਹਸਪਤਾਲ ਪ੍ਰਬੰਧਨ ’ਤੇ ਲਾਪ੍ਰਵਾਹੀ ਦਾ ਦੋਸ਼ ਲਗਾਇਆ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਸੋਸ਼ਲ ਮੀਡੀਆ ’ਤੇ ਵੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਨੌਜਵਾਨ ਇੱਕ ਸਾਲ ਦੀ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦਾ ਨਜ਼ਰ ਆ ਰਿਹਾ ਹੈ। ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਨੌਜਵਾਨ ਨੂੰ ਫੜ ਲਿਆ।
ਥਾਣਾ ਇੰਚਾਰਜ ਮੋਹਿਤ ਟਾਂਕ ਅਨੁਸਾਰ ਪਿੰਡ ਭੂਲਚੱਕ ਢੇਸੀਆਂ ਦੇ ਰਹਿਣ ਵਾਲੇ ਵਿਕਾਸ ਦੀ ਪਤਨੀ ਤਮੰਨਾ ਨੇ ਪੁਲੀਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਲੰਘੀ ਸ਼ਾਮ 4 ਵਜੇ ਦੇ ਕਰੀਬ ਉਹ ਆਪਣੀ ਜੇਠਾਣੀ ਦੀ ਇੱਕ ਸਾਲ ਦੀ ਧੀ ਮੰਨਤ ਨੂੰ ਸੁਜਾਨਪੁਰ ਦੇ ਨਿੱਜੀ ਹਸਪਤਾਲ ਵਿੱਚ ਗੋਦ ਵਿੱਚ ਲੈ ਕੇ ਬੈਠੀ ਸੀ। ਇਸ ਦੌਰਾਨ ਇੱਕ ਨਸ਼ੇੜੀ ਨੌਜਵਾਨ ਬੱਚੀ ਉਸ ਤੋਂ ਖੋਹ ਕੇ ਲੈ ਗਿਆ। ਪਿੱਛਾ ਕਰਨ ਮਗਰੋਂ ਬੱਚੀ ਨੂੰ ਵਾਪਸ ਲਿਆਂਦਾ ਗਿਆ।

