ਸਬਜ਼ੀ ਵੇਚ ਕੇ ਪਰਤ ਰਹੇ ਪਰਵਾਸੀਆਂ ’ਤੇ ਹਮਲਾ
ਜਲੰਧਰ ਦੇ ਹਰਦਿਆਲ ਨਗਰ ਇਲਾਕੇ ਵਿੱਚ ਤਣਾਅ ਵਾਲਾ ਮਾਹੌਲ ; ਪੁਲੀਸ ਵੱਲੋਂ ਕਾਰਵਾਈ ਦਾ ਭਰੋਸਾ
ਇੱਥੇ ਬੀਤੀ ਦੇਰ ਰਾਤ ਹਰਦਿਆਲ ਨਗਰ ਇਲਾਕੇ ਵਿੱਚ ਹੰਗਾਮਾ ਹੋ ਗਿਆ। ਜਾਣਕਾਰੀ ਅਨੁਸਾਰ ਕੁਝ ਨੌਜਵਾਨਾਂ ਨੇ ਸਬਜ਼ੀ ਵੇਚ ਕੇ ਘਰ ਪਰਤ ਰਹੇ ਪਰਵਾਸੀ ਮਜ਼ਦੂਰਾਂ ਨੂੰ ਘੇਰ ਲਿਆ ਅਤੇ ਉਨ੍ਹਾਂ ’ਤੇ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਹਮਲਾਵਰਾਂ ਨੇ ਉਨ੍ਹਾਂ ਦੀਆਂ ਸਬਜ਼ੀਆਂ ਵੀ ਸੜਕ ’ਤੇ ਸੁੱਟ ਦਿੱਤੀਆਂ। ਆਪਣੀ ਜਾਨ ਬਚਾਉਣ ਲਈ ਉਹ ਨੇੜਲੇ ਪੈਟਰੋਲ ਪੰਪ ਦੇ ਬਾਥਰੂਮ ਵਿੱਚ ਲੁਕ ਗਏ। ਨੌਜਵਾਨਾਂ ਨੇ ਇਲਾਕੇ ਦੇ ਕੁਝ ਹੋਰ ਲੋਕਾਂ ਨਾਲ ਮਿਲ ਕੇ ਪੈਟਰੋਲ ਪੰਪ ਦਾ ਦਰਵਾਜ਼ਾ ਤੋੜ ਦਿੱਤਾ।
ਪੈਟਰੋਲ ਪੰਪ ਦੇ ਕਰਮਚਾਰੀਆਂ ਨੇ ਤੁਰੰਤ ਸਥਾਨਕ ਥਾਣੇ ਦੇ ਪੁਲੀਸ ਅਧਿਕਾਰੀਆਂ ਨੂੰ ਸੂਚਿਤ ਕੀਤਾ। ਪੁਲੀਸ ਟੀਮ ਮੌਕੇ ਘਟਨਾ ਸਥਾਨ ’ਤੇ ਪਹੁੰਚੀ। ਪੁਲੀਸ ਨੇ ਬਾਥਰੂਮ ਵਿੱਚ ਫਸੇ ਲੋਕਾਂ ਨੂੰ ਸੁਰੱਖਿਅਤ ਬਾਹਰ ਕੱਢਿਆ। ਹਾਲਾਂਕਿ, ਸਥਿਤੀ ਮੁੜ ਵਿਗੜ ਗਈ। ਇਸ ਦੌਰਾਨ ਉੱਥੇ ਮੌਜੂਦ ਨੌਜਵਾਨਾਂ ਨੇ ਪੁਲੀਸ ਖ਼ਿਲਾਫ਼ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਥੋੜ੍ਹੀ ਦੇਰ ਵਿੱਚ ਹੀ ਗੁੱਸੇ ਵਿੱਚ ਆਈ ਭੀੜ ਨੇ ਪੁਲੀਸ ਸਟੇਸ਼ਨ ਨੂੰ ਘੇਰ ਲਿਆ। ਸਥਿਤੀ ਵਿਗੜਦੀ ਦੇਖ ਕੇ ਐੱਸ ਐੱਚ ਓ ਯਾਦਵਿੰਦਰ ਸਿੰਘ ਵੀ ਘਟਨਾ ਸਥਾਨ ’ਤੇ ਪਹੁੰਚ ਗਏ। ਉਨ੍ਹਾਂ ਨੇ ਦੋਵਾਂ ਧਿਰਾਂ ਨੂੰ ਸ਼ਾਂਤ ਕਰਨ ਲਈ ਕਾਰਵਾਈ ਦਾ ਭਰੋਸਾ ਦਿੱਤਾ। ਜਾਂਚ ਅਧਿਕਾਰੀ ਏ ਐੱਸ ਆਈ ਮੇਵਾ ਸਿੰਘ ਨੇ ਦੱਸਿਆ ਕਿ ਦੋਵਾਂ ਧਿਰਾਂ ਨੂੰ ਥਾਣੇ ਬੁਲਾਇਆ ਗਿਆ ਹੈ ਅਤੇ ਢੁਕਵੀਂ ਕਾਰਵਾਈ ਕੀਤੀ ਜਾਵੇਗੀ। ਦੇਰ ਰਾਤ ਹੋਈ ਇਸ ਘਟਨਾ ਤੋਂ ਬਾਅਦ, ਇਲਾਕੇ ਵਿੱਚ ਕਾਫ਼ੀ ਸਮੇਂ ਲਈ ਤਣਾਅ ਬਣਿਆ ਰਿਹਾ।