ਮਿਜ਼ਾਈਲ ਦਾ ਇੱਕ ਹੋਰ ਟੁਕੜਾ ਮਿਲਿਆ
ਕਾਦੀਆਂ: ਪਿੰਡ ਧਾਰੀਵਾਲ ਭੋਜਾ ਤੋਂ ਤਿੰਨ ਦਿਨ ਪਹਿਲਾਂ ਮਿਜ਼ਾਈਲ ਦਾ ਟੁਕੜਾ ਮਿਲਣ ਮਗਰੋਂ ਇਲਾਕੇ ਵਿੱਚ ਸਹਿਮ ਦਾ ਮਾਹੌਲ ਹੈ। ਅੱਜ ਸਵੇਰੇ ਪਿੰਡ ਵਿੱਚ ਮਿਜ਼ਾਈਲ ਦਾ ਇੱਕ ਹੋਰ ਟੁਕੜਾ ਮਿਲਿਆ ਹੈ। ਜਾਣਕਾਰੀ ਅਨੁਸਾਰ ਹਰਮਿੰਦਰ ਸਿੰਘ ਦੀ ਜ਼ਮੀਨ ਵਿੱਚੋਂ ਅੱਜ ਮਿਜ਼ਾਈਲ ਦਾ ਟੁਕੜਾ ਮਿਲਿਆ। ਜ਼ਮੀਨ ਦੇ ਮਾਲਕ ਅਤੇ ਸਥਾਨਕ ਲੋਕਾਂ ਨੇ ਤੁਰੰਤ ਸੇਖਵਾਂ ਪੁਲੀਸ ਨੂੰ ਸੂਚਿਤ ਕੀਤਾ। ਥਾਣਾ ਸੇਖਵਾਂ ਦੇ ਐੱਸਐੱਚਓ ਹਰਜਿੰਦਰ ਸਿੰਘ ਰੰਧਾਵਾ ਦੀ ਅਗਵਾਈ ਹੇਠ ਪੁਲੀਸ ਪਾਰਟੀ ਮੌਕੇ ’ਤੇ ਪਹੁੰਚੀ ਅਤੇ ਇਸ ਦੌਰਾਨ ਐਸਐਚ ਓ ਹਰਜਿੰਦਰ ਸਿੰਘ ਰੰਧਾਵਾ ਦੇ ਵੱਲੋਂ ਮਿਜ਼ਾਈਲ ਦੇ ਮਿਲੇ ਟੁਕੜੇ ਨੂੰ ਤੁਰੰਤ ਉਹਨਾਂ ਨੇ ਆਪਣੇ ਕਬਜ਼ੇ ਵਿੱਚ ਲਿਆ ਅਤੇ ਅਗਲੀ ਜਾਂਚ ਸ਼ੁਰੂ ਕਰ ਦਿੱਤੀ । -ਪੱਤਰ ਪ੍ਰੇਰਕ
ਤੂੜੀ ਸੜ ਕੇ ਸੁਆਹ
ਕਪੂਰਥਲਾ: ਬੀਤੀ ਦੇਰ ਸ਼ਾਮ ਆਈ ਤੇਜ਼ ਹਨੇਰੀ ਕਾਰਨ ਖੇਤਾਂ ’ਚ ਲੱਗੀ ਅੱਗ ਕਾਰਨ ਸ਼ੈੱਡ ਅੰਦਰ ਸਟੋਰ ਕੀਤੀ ਤੂੜੀ ਸੜ ਕੇ ਸੁਆਹ ਹੋ ਗਈ। ਸ਼ਿਵ ਚਰਨ ਪੁੱਤਰ ਮਾਸਟਰ ਬਨਾਰਸੀ ਦਾਸ ਨੇ ਦੱਸਿਆ ਕਿ ਉਸਨੇ ਆਪਣੇ ਨਿਹਾਲਗੜ੍ਹ ਰੋਡ ਸਥਿਤ ਡੇਰੇ ’ਤੇ ਲਗਪਗ 35 ਟਰਾਲੀਆਂ ਤੂੜੀ ਸਟੋਰ ਕਰ ਕੇ ਰੱਖੀ ਹੋਈ ਸੀ ਤੇ ਕੱਲ੍ਹ ਉਥੇ ਨਾਲ ਦੇ ਖੇਤ ਵਾਲੇ ਵਿਆਕਤੀ ਵੱਲੋਂ ਆਪਣੇ ਖੇਤਾਂ ਚ ਕਣਕ ਦੀ ਰਹਿੰਦ-ਖੂੰਹਦ ਨੂੰ ਅੱਗ ਲਗਾਈ ਹੋਈ ਸੀ ਤੇ ਜਦੋਂ ਦੇਰ ਰਾਤ ਹਨੇਰੀ ਆਈ ਤਾਂ ਉਹ ਅੱਗ ਫ਼ੈਲ ਕੇ ਸਟੋਰ ਕੀਤੀ ਤੂੜੀ ਨੂੰ ਲੱਗ ਗਈ। ਮੌਕੇ ’ਤੇ ਫਾਇਰ ਬ੍ਰਿਗੇਡ ਨੇ ਪੁੱਜ ਕੇ ਅੱਗ ’ਤੇ ਕਾਬੂ ਪਾਇਆ। -ਪੱਤਰ ਪ੍ਰੇਰਕ
ਮਾਂ-ਧੀ ਕੋਲੋਂ ਕਾਰ ਖੋਹੀ
ਕਪੂਰਥਲਾ: ਬੇਗੋਵਾਲ ਵਿੱਚ ਬੀਤੀ ਰਾਤ ਮਾਂ-ਧੀ ਕੋਲੋਂ ਪਿਸਤੌਲ ਦਿਖਜ ਕੇ ਕਾਰ ਖੋਹਣ ਦਾ ਮਾਮਲਾ ਸਾਹਮਣੇ ਆਇਆ ਹੈ। ਰੁਪਿੰਦਰ ਕੌਰ ਪਤਨੀ ਸੁਖਜਿੰਦਰ ਸਿੰਘ ਵਾਸੀ ਨੰਗਲ ਲੁਬਾਣਾ ਨੇ ਪੁਲੀਸ ਨੂੰ ਦੱਸਿਆ ਕਿ ਉਸਦੇ ਪੇਕੇ ਪਿੰਡ ਟਾਹਲੀ ਵਿਖੇ ਹਨ ਤੇ ਰਾਤ ਉਹ ਆਪਣੇ ਮਾਤਾ ਪਿਤਾ ਨੂੰ ਨੰਗਲ ਲੁਬਾਣਾ ਤੋਂ ਟਾਹਲੀ ਪਿੰਡ ਛੱਡਣ ਗਈ ਸੀ।ਨਾਲ ਉਸਦੀ ਲੜਕੀ ਸੀ। ਜਦੋਂ ਘਰ ਪਰਤ ਮੌਕੇ ਸਤਿਗੁਰ ਰਾਖਾ ਚੌਕ ਵਿਖੇ ਰੁਕੀਆਂ ਤਾਂ ਕਾਰ ਦੀਆਂ ਦੋਵੇਂ ਖਿੜਕੀਆਂ ਦੇ ਸ਼ੀਸ਼ੇ ਨੀਚੇ ਸਨ ਤਾਂ ਦੋ ਨੌਜਵਾਨ ਆ ਗਏ ਤੇ ਸ਼ੀਸ਼ਾ ਖੁੱਲ੍ਹਾ ਹੋਣ ਕਰਕੇ ਉਨ੍ਹਾਂ ਨੇ ਕਾਰ ਦਾ ਦਰਵਾਜਾ ਖੋਲ੍ਹ ਲਿਆ ਤੇ ਪਿਸਤੌਲ ਦਿਖਾ ਕੇ ਕਾਰ ਖੋਹ ਕੇ ਫ਼ਰਾਰ ਹੋ ਗਏ। ਐੱਸਐੱਚਓ ਬੇਗੋਵਾਲ ਰਮਨਦੀਪ ਕੁਮਾਰ ਨੇ ਕਿਹਾ ਕਿ ਇਸ ਸੰਬੰਧੀ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। -ਪੱਤਰ ਪ੍ਰੇਰਕ