ਪਿੰਡ ਮੱਲੀਆਂ ਵਿਖੇ ਹੋਣ ਵਾਲਾ ਸਲਾਨਾ ਕਬੱਡੀ ਕੱਪ ਹੜ੍ਹ ਪੀੜਤਾਂ ਦੀ ਮਦਦ ਲਈ ਮੁਲਤਵੀ ਕੀਤਾ
ਇਥੋਂ ਦੇ ਨਜ਼ਦੀਕੀ ਪਿੰਡ ਮੱਲ੍ਹੀਆਂ ਵਿਖੇ ਹਰ ਸਾਲ ਐਨਆਰਆਈ (NRIs) ਵੀਰਾਂ ਦੀ ਮਦਦ ਨਾਲ ਕਰਵਾਇਆ ਜਾਂਦਾ ਕਬੱਡੀ ਕੱਪ ਮੁਲਤਵੀ ਕਰ ਦਿੱਤਾ ਗਿਆ ਹੈ ਅਤੇ ਇਸ ਕਬੱਡੀ ਕੱਪ ਉੱਪਰ ਹੋਣ ਵਾਲਾ ਸਾਰਾ ਖ਼ਰਚਾ ਪੰਜਾਬ ਵਿੱਚ ਆਏ ਹੜ੍ਹਾਂ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਦਿੱਤਾ ਜਾਵੇਗਾ।
ਇਸ ਸਬੰਧੀ ‘ਉਮੀਦ’ ਸੰਸਥਾ ਪਿੰਡ ਮੱਲ੍ਹੀਆਂ ਦੇ ਪ੍ਰਧਾਨ ਹਰਜੀਤ ਸਿੰਘ ਯੂਐਸਏ ਅਤੇ ਰਾਜ ਭਨੋਟ ਆਸਟ੍ਰੇਲੀਆ ਨੇ ਪੱਤਰਕਾਰਾਂ ਨਾਲ ਫੋਨ ’ਤੇ ਗੱਲਬਾਤ ਕਰਦਿਆਂ ਦੱਸਿਆ ਕੁਦਰਤੀ ਆਫ਼ਤ ਹੜ੍ਹਾਂ ਦੀ ਮਾਰ ਹੇਠ ਆਏ ਪੰਜਾਬ ਸੂਬੇ ’ਚ ਲੋਕਾਂ ਦਾ ਬਹੁਤ ਹੀ ਜਾਨੀ ਅਤੇ ਮਾਲੀ ਨੁਕਸਾਨ ਹੋ ਗਿਆ ਹੈ। ਲੋਕਾਂ ਦੇ ਘਰ ਢਹਿ ਢੇਰੀ ਹੋ ਗਏ ਹਨ ਅਤੇ ਬਹੁਤ ਹੀ ਬੁਰਾ ਹਾਲ ਹੋਇਆ ਹੈ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਨ੍ਹਾਂ ਮਾੜੇ ਹਲਾਤਾਂ ਨੂੰ ਦੇਖਦਿਆਂ ਹੋਇਆ ਪਿੰਡ ਮੱਲੀਆਂ ਵਾਸੀਆਂ ਅਤੇ ਉਮੀਦ ਸੰਸਥਾ ਨੇ ਇਸ ਵਾਰ ਹਰ ਸਾਲ ਦੀ ਤਰ੍ਹਾਂ ਹੋਣ ਵਾਲਾ ਕਬੱਡੀ ਕੱਪ ਸਾਂਝੇ ਫੈਸਲੇ ਨਾਲ ਮੁਲਤਵੀ ਕਰ ਦਿੱਤਾ ਹੈ।
ਇਸ ਮੌਕੇ ਰਾਜ ਭਨੋਟ ਨੇ ਜਾਣਕਾਰੀ ਦਿੰਦੇ ਕਿਹਾ ਇਸ ਵਾਰ ਕਬੱਡੀ ਕੱਪ ਨਹੀਂ ਕਰਵਾਇਆ ਜਾਏਗਾ ਅਤੇ ਇਸ ਕਬੱਡੀ ਕੱਪ ’ਤੇ ਜਿੰਨਾ ਵੀ ਖਰਚਾ ਆਉਂਦਾ ਸੀ ਉਹ ਸਾਰਾ ਹੜ੍ਹ ਪੀੜਤਾਂ ਦੀ ਮਦਦ ਵਾਸਤੇ ਦਿੱਤਾ ਜਾਵੇਗਾ।
ਦੱਸ ਦਈਏ ਕਿ ਇਸ ਤੋਂ ਪਹਿਲਾਂ ਕਬੱਡੀ ਕੱਪ ਖਿਡਾਰੀ ਸੁਖਮਨ ਚੋਹਲਾ ਦੀ ਯਾਦ ਵਿੱਚ ਪਿੰਡ ਮਲੀਆਂ ਵਿਖੇ ਤਿੰਨ ਕਬੱਡੀ ਕੱਪ ਕਰਵਾਏ ਗਏ ਸਨ ਅਤੇ ਪਿਛਲੀ ਵਾਰ ਬਾਬਾ ਗੱਜਣ ਸਿੰਘ ਜੀ ਤਰਨਾ ਦਲ ਦੇ 15ਵੇਂ ਮੁਖੀ ਜੀ ਦੀ ਯਾਦ ਵਿੱਚ ਕਬੱਡੀ ਕੱਪ ਕਰਾਇਆ ਗਿਆ ਸੀ ਪਰ ਇਸ ਵਾਰ ਹਾਲਾਤਾਂ ਦੇ ਮੱਦੇਨਜ਼ਰ ਇਹ ਕੱਪ ਮੁਲਤਵੀ ਕਰਨ ਦਾ ਫੈਸਲਾ ਲਿਆ ਗਿਆ।