ਬਹਾਦਰਜੀਤ ਸਿੰਘ
, 21 ਜੁਲਾਈ
ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਟੀਮ ਵੱਲੋਂ ਚੰਡੀਗੜ੍ਹ ਰੋਡ ‘ਤੇ ਸਥਿਤ ਪਲਾਈਵੁੱਡ ਫੈਕਟਰੀ ਵਿਖੇ ਛਾਪੇਮਾਰੀ ਕੀਤੀ ਗਈ ਜਿੱਥੋਂ ਖੇਤੀਬਾੜੀ ਗਰੇਡ ਨੀਮ ਕੋਟਡ ਯੂਰੀਆ ਬਰਾਮਦ ਕੀਤਾ ਗਿਆ। ਮੁੱਖ ਖੇਤੀਬਾੜੀ ਅਫਸਰ ਰਕੇਸ਼ ਕੁਮਾਰ ਸ਼ਰਮਾ ਨੇ ਦੱਸਿਆ ਕਿ ਚੰਡੀਗੜ੍ਹ ਰੋਡ ਟੰਡੋਹ ਵਿੱਚ ਗਾਂਧੀ ਪਲਾਈਵੁੱਡ ਇੰਡਸਟਰੀ ਵਿਖੇ ਛਾਪੇ ਦੌਰਾਨ ਚਾਰ ਬੈਗ ਖੇਤੀਬਾੜੀ ਗਰੇਡ ਨੀਮ ਕੋਟਡ ਯੂਰੀਆ ਦੇ ਪਾਏ ਗਏ । ਉਨ੍ਹਾਂ ਦੱਸਿਆ ਕਿ ਫੈਕਟਰੀ ਵਿੱਚ ਵਰਤੀ ਜਾ ਰਹੀ ਯੂਰੀਆ ਫਰਟੀਲਾਈਜ਼ਰ ਕੰਟਰੋਲ ਆਰਡਰ 1985 ਦੀ ਉਲੰਘਣਾ ਹੈ । ਉਨ੍ਹਾਂ ਦੱਸਿਆ ਕਿ ਛਾਪੇ ਦੌਰਾਨ ਇਸ ਯੂਰੀਆ ਦੇ ਚਾਰ ਬੈਗ ਭਰੇ ਅਤੇ 230 ਬੈਗ ਖ਼ਾਲੀ ਮਿਲੇ, ਜੋ ਵਰਤੇ ਗਏ ਸਨ। ਥਾਣਾ ਕਾਠਗੜ੍ਹ ਦੀ ਪੁਲੀਸ ਨੂੰ ਸੂਚਿਤ ਕਰਕੇ ਮੌਕੇ ’ਤੇ ਬੁਲਾਇਆ ਗਿਆ। ਖੇਤੀਬਾੜੀ ਵਿਕਾਸ ਅਫਸਰ-ਕਮ-ਖਾਦ ਇੰਸਪੈਕਟਰ ਹਰਪ੍ਰੀਤ ਸਿੰਘ ਵੱਲੋਂ ਫੈਕਟਰੀ ’ਤੇ ਫਰਟੀਲਾਈਜ਼ਰ ਆਰਡਰ 1985 ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਖੇਤੀਬਾੜੀ ਗਰੇਡ ਲਈ ਵਰਤੀ ਜਾਂਦੀ ਨੀਮ ਕੋਟਡ ਯੂਰੀਆ ਜੇਕਰ ਉਦਯੋਗਿਕ ਵਰਤੋਂ ਲਈ ਵਰਤੀ ਜਾਂਦੀ ਹੈ ਤਾਂ ਇਹ ਕੰਟਰੋਲ ਆਰਡਰ ਦੀ ਉਲੰਘਣਾ ਹੈ।
ਯੂਰੀਆ ਦੀ ਵਰਤੋਂ ਪ੍ਰਤੀ ਸੁਚੇਤ ਕੀਤਾ
ਅੰਮ੍ਰਿਤਸਰ (ਟ੍ਰਿਬਿਉੂਨ ਨਿਉੂਜ਼ ਸਰਵਿਸ): ਜ਼ਿਲ੍ਹੇ ਦੇ ਮੁੱਖ ਖੇਤੀਬਾੜੀ ਅਫਸਰ ਬਲਜਿੰਦਰ ਸਿੰਘ ਭੁੱਲਰ ਅਤੇ ਟੀਮ ਸਮੇਤ ਜ਼ਿਲ੍ਹਾ ਅੰਮ੍ਰਿਤਸਰ ਦੇ ਵੱਖ-ਵੱਖ ਖਾਦ ਹੋਲਸੇਲ ਵਿਕਰੇਤਾਵਾਂ ਦੇ ਵਿਕਰੀ ਕੇਂਦਰਾਂ, ਗੁਦਾਮਾਂ ਅਤੇ ਰਿਕਾਰਡ ਦੀ ਜਾਂਚ ਕੀਤੀ ਗਈ। ਜਾਰੀ ਬਿਆਨ ਵਿਚ ਖੇਤੀਬਾੜੀ ਵਿਭਾਗ ਦੇ ਸੰਯੁਕਤ ਡਾਇਰੈਕਟਰ ਤੇਜਪਾਲ ਸਿੰਘ ਨੇ ਕਿਹਾ ਕਿ ਅੱਜ-ਕੱਲ੍ਹ ਸੋਸ਼ਲ ਮੀਡੀਆ ’ਤੇ ਵਾਇਰਲ ਕੁਝ ਵੀਡੀਉਜ਼ ਵਿੱਚ ਕੁਝ ਕਿਸਾਨਾਂ ਵੱਲੋਂ ਝੋਨੇ, ਮੱਕੀ ਦੀ ਫਸਲ ਵਿੱਚ ਯੂਰੀਆ ਖਾਦ ਪਾਉਣ ਦੇ ਗੈਰ-ਵਿਗਿਆਨਿਕ ਢੰਗਾਂ ਨੂੰ ਪੇਸ਼ ਕੀਤਾ ਜਾ ਰਿਹਾ ਹੈ ਜੋ ਕਿ ਗ਼ਲਤ ਹੈ। ਉਨ੍ਹਾਂ ਕਿਸਾਨਾਂ ਨੂੰ ਅਜਿਹੇ ਗੈਰ-ਵਿਗਿਆਨਿਕ ਢੰਗਾਂ ਤੋਂ ਸੁਚੇਤ ਰਹਿਣ ਦੀ ਅਪੀਲ ਕੀਤੀ।