ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਰਿੰਦਰਪਾਲ ਸਿੰਘ ਬਾਜਵਾ ਵੱਲੋਂ ਅੱਜ ਬਿਆਸ ਦਰਿਆ ਦੇ ਵਧੇ ਪਾਣੀ ਕਾਰਨ ਢਿੱਲਵਾਂ ਦੇ ਪ੍ਰਭਾਵਿਤ ਪਿੰਡਾਂ ਦਾ ਦੌਰਾ ਕਰਕੇ ਰਾਹਤ ਕੰਮਾਂ ਦਾ ਜਾਇਜ਼ਾ ਲਿਆ ਗਿਆ। ਉਨ੍ਹਾਂ ਮੰਡ ਖੇਤਰ ਦੇ ਪਿੰਡਾਂ ਮੰਡ ਕੂਕਾ, ਮੰਡ ਨੰਗਲ, ਰਾਵਾਂ, ਧੱਕੜਾਂ, ਮੰਡ ਕੁੱਲਾ ਵਿੱਚ ਜਾ ਕੇ ਲੋਕਾਂ ਨਾਲ ਗੱਲਬਾਤ ਕੀਤੀ।
ਉਨ੍ਹਾਂ ਵੱਲੋਂ ਮੰਡ ਕੂਕਾ ਦੇ ਗੁਰਦੁਆਰੇ ਵਿੱਚ ਬਣਾਏ ਰਾਹਤ ਕੇਂਦਰ ਵਿੱਚ ਲੋਕਾਂ ਦੀ ਸਹਾਇਤਾ ਲਈ ਦਵਾਈਆਂ, ਮੈਡੀਕਲ ਟੀਮਾਂ ਦੀ ਤਾਇਨਾਤੀ, ਸੁੱਕਾ ਰਾਸ਼ਨ, ਪੀਣ ਵਾਲੇ ਪਾਣੀ ਦੀ ਉਪਲਬਧਤਾ ਬਾਰੇ ਜਾਣਕਾਰੀ ਲਈ ਗਈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਪੀਣ ਵਾਲਾ ਪਾਣੀ, ਸੁੱਕਾ ਰਾਸ਼ਨ ਉਨ੍ਹਾਂ ਦੇ ਘਰ ਪਹੁੰਚਾਇਆ ਜਾਵੇ।
ਇਸ ਤੋਂ ਇਲਾਵਾ ਪਸ਼ੂ ਧਨ ਨੂੰ ਬਚਾਉਣ ਲਈ ਵੈਟਰਨਰੀ ਅਫ਼ਸਰਾਂ ਨੂੰ ਕਿਹਾ ਕਿ ਉਹ ਐੱਸਡੀਆਰਐੱਫ ਦੀਆਂ ਟੀਮਾਂ ਦੇ ਨਾਲ ਜਾ ਕੇ ਪਸ਼ੂ ਧਨ ਦੀ ਜਾਂਚ ਤੇ ਵਿਸ਼ੇਸ਼ ਕਰਕੇ ਪਾਣੀ ਨਾਲ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਾਅ ਲਈ ਯਤਨ ਕਰਨ। ਉਨ੍ਹਾਂ ਬੁਤਾਲਾ ਵਿੱਚ ਧੁੱਸੀ ਬੰਨ੍ਹ ਦਾ ਵੀ ਜਾਇਜ਼ਾ ਲਿਆ। ਉਨ੍ਹਾਂ ਕਿਹਾ ਕਿ ਡਰੇਨੇਜ਼ ਵਿਭਾਗ ਵੱਲੋਂ ਬੰਨ੍ਹਾਂ ’ਤੇ ਪੂਰੀ ਨਿਗਰਾਨੀ ਰੱਖੀ ਜਾ ਰਹੀ ਹੈ। ਇਸ ਦੌਰਾਨ ਉਨ੍ਹਾਂ ਕਿਹਾ ਕਿ ਧੁੱਸੀ ਬੰਨ੍ਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਇਸ ਮੌਕੇ ਐੱਸਡੀਐੱਮ ਡੈਵੀ ਗੋਇਲ਼, ਡਰੇਨੇਜ਼ ਵਿਭਾਗ ਦੇ ਐਕਸੀਅਨ ਸੁਖਰਾਜ ਸਿੰਘ ਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਮੌਜੂਦ ਸਨ ।