ਐਕਸ਼ਨ ਕਮੇਟੀ ਵੱਲੋਂ ਮਹਿਤਪੁਰ ਬੀਡੀਪੀਓ ਦਫ਼ਤਰ ਅੱਗੇ ਪ੍ਰਦਰਸ਼ਨ
ਹਤਿੰਦਰ ਮਹਿਤਾ
ਜਲੰਧਰ, 30 ਅਪਰੈਲ
ਪੰਜਾਬ ਸਰਕਾਰ ਵੱਲੋਂ ਪੁਨਰਗਠਨ ਯੋਜਨਾ ਤਹਿਤ ਲੋਕ ਵਿਰੋਧੀ ਫ਼ੈਸਲੇ ਨਾਲ ਮਹਿਤਪੁਰ ਬਲਾਕ ਨਾਲ ਜੁੜੀਆਂ 59 ਪੰਚਾਇਤਾਂ ਨੂੰ ਸ਼ਾਹਕੋਟ ਬਲਾਕ ਨਾਲ ਜੋੜੇ ਜਾਣ ਦੇ ਵਿਰੋਧ ’ਚ ਕਿਸਾਨਾਂ, ਮਜ਼ਦੂਰਾਂ, ਨੌਜਵਾਨਾਂ ਅਤੇ ਮੁਲਾਜ਼ਮਾਂ ਜਥੇਬੰਦੀਆਂ ਦੇ ਅਧਾਰਤ ਬਣੀ ਐਕਸ਼ਨ ਕਮੇਟੀ ਵੱਲੋਂ ਅੱਜ ਸੈਂਕੜੇ ਦੀ ਗਿਣਤੀ ’ਚ ਬੀਡੀਪੀਓ ਦਫ਼ਤਰ ਮਹਿਤਪੁਰ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਰੋਸ ਮਾਰਚ ਕੀਤਾ। ਇਸ ਦੌਰਾਨ ਮੰਗ ਕੀਤੀ ਕਿ 59 ਪੰਚਾਇਤਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਮਹਿਤਪੁਰ ਬਲਾਕ ਨੂੰ ਤੋੜਨ ਦੇ ਫ਼ੈਸਲਾ ਲੈਣ ਤੋਂ ਗੁਰੇਜ਼ ਕੀਤਾ ਜਾਵੇ। ਬੀਕੇਯੂ ਕਾਦੀਆਂ ਦੇ ਆਗੂ ਕੁਲਜੀਤ ਸਿੰਘ ਸੁਲੇਮਾ, ਬੀ ਕੇ ਯੂ ਦੁਆਬਾ ਕਸ਼ਮੀਰ ਸਿੰਘ ਪੰਨੂ, ਬੀਕੇਯੂ ਪੰਜਾਬ ਦੇ ਦਿਲਬਾਗ ਸਿੰਘ, ਕਿਰਤੀ ਕਿਸਾਨ ਯੂਨੀਅਨ ਦੇ ਰਾਜਿੰਦਰ ਸਿੰਘ ਮੰਡ, ਕਿਸਾਨ ਸਭਾ ਦੇ ਜ਼ਿਲ੍ਹਾ ਆਗੂ ਸੰਦੀਪ ਅਰੋੜਾ,ਬੀਕੇਯੂ ਦੇ ਲਖਬੀਰ ਸਿੰਘ, ਨਰਿੰਦਰ ਸਿੰਘ ਬਾਜਵਾ, ਪੇਂਡੂ ਮਜ਼ਦੂਰ ਯੂਨੀਅਨ ਦੇ ਤਰਸੇਮ ਪੀਟਰ, ਕਸ਼ਮੀਰ ਮੰਡਿਆਲਾ , ਨੌਜਵਾਨ ਭਾਰਤ ਸਭਾ ਦੇ ਸੁਖਦੇਵ ਸਿੰਘ, ਦਿਹਾਤੀ ਮਜ਼ਦੂਰ ਸਭਾ ਦੇ ਸਤਪਾਲ, ਮੰਗਲਜੀਤ ਪੰਡੋਰੀ, ਇਸਤਰੀ ਜਾਗ੍ਰਿਤੀ ਮੰਚ ਦੇ ਅਨੀਤਾ ਸੰਧੂ ਤੋਂ ਇਲਾਵਾ ਬਾਬਾ ਪਲਵਿੰਦਰ ਸਿੰਘ, ਵਿਜੈ ਬਾਠ, ਨਵਜੋਤ ਸ਼ਾਮਲ ਸਨ। ਇਸ ਮੌਕੇ ਆਗੂਆਂ ਨੇ ਦੋਸ਼ ਲਾਇਆ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਲੋਕਾਂ ਦੇ ਘਰਾਂ ਤੱਕ ਸਹੂਲਤਾਂ ਪਹੁੰਚਾਉਣ ਦੀ ਗੱਲ ਕਰਦੀ ਸੀ ਅੱਜ ਪੁਨਰਗਠਨ ਦੇ ਨਾਂ ’ਤੇ ਮਹਿਤਪੁਰ ਬਲਾਕ ਨੂੰ ਤੋੜ ਕੇ ਗੈਰ ਤਰਕ ਸੰਗਤ ਫੈਸਲਿਆਂ ਨਾਲ ਪਿੰਡਾਂ ਦੇ ਵਿਕਾਸ ਨੂੰ ਰੋਕਣ ਦੇ ਰਾਹ ਤੁਰੀ ਹੋਈ ਹੈ। ਮਹਿਤਪੁਰ ਬਲਾਕ ਨੂੰ ਬੰਦ ਕਰਨ ਨਾਲ ਜਿੱਥੇ 59 ਪੰਚਾਇਤਾਂ ਪ੍ਰਭਾਵਿਤ ਹੋਣਗੀਆਂ ਉੱਥੇ ਬਲਾਕ ਨਾਲ ਜੁੜੇ ਹਜ਼ਾਰਾਂ ਪੇਂਡੂ ਲੋਕਾਂ ਨੂੰ ਬੀਡੀਪੀਓ ਦਫ਼ਤਰ ਨਾਲ ਜੁੜੇ ਕੰਮਾਂ ਕਾਰਾਂ ਲਈ ਦੂਰ ਦੁਰਾਡੇ ਧੱਕੇ ਖਾਣੇ ਪੈਣਗੇ। ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਇਸ ਲੋਕ ਵਿਰੋਧਰੀ ਫ਼ੈਸਲੇ ਨਾਲ ਸਭ ਤੋਂ ਵੱਧ ਔਰਤ ਸਰਪੰਚ ਅਤੇ ਮਨਰੇਗਾ ਔਰਤਾਂ ਪ੍ਰਭਾਵਿਤ ਹੋਣਗੀਆ। ਬੀਡੀਪੀਓ ਬਲਾਕ ਮਹਿਤਪੁਰ ਬਚਾਓ ਐਕਸ਼ਨ ਕਮੇਟੀ ਵੱਲੋਂ ਮਹਿਤਪੁਰ ਬਲਾਕ ਨਾਲ ਜੁੜੀਆਂ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੇ ਇਸ ਲੋਕ ਵਿਰੋਧੀ ਫ਼ੈਸਲੇ ਵਿਰੁੱਧ ਮਤੇ ਪਾਉਣ ਲਈ ਅੱਗੇ ਆਉਣ।